ਪਾਕਿਸਤਾਨ ਵੱਸਦੇ ਪੰਜਾਬੀ ਲੋਕ ਕਵੀ ਬਾਬਾ ਨਜ਼ਮੀ ਦੀ ਸਮੁੱਚੀ ਰਚਨਾ ‘ਮੈਂ ਇਕਬਾਲ ਪੰਜਾਬੀ ਦਾ’ ਲੋਕ ਅਰਪਣ

ਲੁਧਿਆਣਾ: 15 ਅਪਰੈਲ(ਪੱਤਰ ਪਰੇਰਕ): ਬਾਬਾ ਨਜ਼ਮੀ ਦੀ ਸ਼ਾਇਰੀ ਦੱਖਣੀ ਏਸ਼ੀਆ ਦੇ ਜੰਗ ਵਿਰੋਧੀ ਲਿਖਾਰੀਆਂ ਦਾ ਵਿਸ਼ਵ ਲਈ ਅਮਨ ਦਾ ਸਪੱਸ਼ਟ ਸਰਬ ਸਾਂਝਾ ਐਲਾਨ ਨਾਮਾ ਹੈ। ਜਿਸਨੂੰ ਲਿਖਿਆ ਭਾਵੇਂ ਬਾਬਾ ਨਜ਼ਮੀ ਨੇ ਹੈ ਪਰ ਇਸ ਦੇ ਅੱਖਰ ਅੱਖਰ ਨਾਲ ਸਾਡੀ ਸਭ ਦੀ ਸਹਿਮਤੀ ਹੈ। ਇਹ ਸਬਦ ਪੁਸਤਕ ਨਾਲ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਹੇ। ਪਾਕਿਸਤਾਨ ਦੇ ਸ਼ਹਿਰ ਲਾਹੌਰ ਚ ਵੱਸਦੇ ਪੰਜਾਬੀ ਲੋਕ ਕਵੀ ਬਾਬਾ ਨਜ਼ਮੀ ਦੀ ਸਮੁੱਚੀ ਰਚਨਾ ‘ਮੈਂ ਇਕਬਾਲ ਪੰਜਾਬੀ ਦਾ ’ ਨੂੰ  ਸ਼ਹਿਰ ਦੀ ਥਾਂ ਤੇ ਪਿੰਡ ਰਕਬਾ (ਲੁਧਿਆਣਾ)ਵਿੱਚ ਵਿਸਾਖੀ ਵਾਲੇ ਦਿਨ ਲੋਕ ਅਰਪਨ ਕੀਤਾ ਗਿਆ। ਬਾਬਾ ਨਜ਼ਮੀ ਦੀ ਹੁਣ ਤੀਕ ਦੀ ਸਮੁੱਚੀ ਰਚਨਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਇੱਕ ਜਿਲਦ ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ,ਕੈਨੇਡਾ ਤੋਂ ਆਏ ਲੇਖਕ ਤੇ ਇਸ ਪੁਸਤਕ ਦੇ ਸੰਪਾਦਕ ਇਕਬਾਲ ਮਾਹਲ, ਸੰਪਾਦਕੀ ਮੰਡਲ ਮੈਂਬਰ ਗੁਰਭਜਨ ਗਿੱਲ, ਸਤੀਸ ਗੁਲਾਟੀ, ਪੰਜਾਬੀ ਕਵੀ ਜਸਵੰਤ ਜਫਰ, ਤ੍ਰੈਲੋਚਨ ਲੋਚੀ ਤੇ ਗੁਰਚਰਨ ਕੌਰ ਕੋਚਰ ਤੋਂ ਇਲਾਵਾ ਲੁਧਿਆਣਾ ਦੀ ਕੌਸਲਰ ਬੀਬੀ ਬਰਜਿੰਦਰ ਕੌਰ ਨੇ ਲੋਕ ਅਰਪਨ ਕੀਤਾ। 294 ਪੰਨਿਆਂ ਦੀ ਇਸ ਪੁਸਤਕ ਬਾਰੇ ਬੋਲਦਿਆਂ ਇਕਬਾਲ ਮਾਹਲ ਨੇ ਕਿਹਾ ਕਿ 2014 ਵਿੱਚ ਮੈਂ ਲਾਹੌਰ ਜਾ ਕੇ ਲੋਕ ਗਾਇਕ ਸ਼ੌਕਤ ਅਲੀ ਰਾਹੀਂ ਮੈਂ ਪਹਿਲੀ ਵਾਰ ਲੋਕ ਕਵੀ ਬਾਬਾ ਨਜ਼ਮੀ ਨੂੰ ਮਿਲਿਆ ਸਾਂ। ਉਸ ਦੀ ਸ਼ਾਇਰੀ ‘ਚ ਦਰਦ ਵੀ ਹੈ ਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਵੀ। ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਉਹ ਮਾਂ ਬੋਲੀ ਪੰਜਾਬੀ ਦੀ ਸਰਦਾਰੀ ਦਾ ਸੁਚੇਤ ਪਹਿਰੇਦਾਰ ਹੈ। ਇਸ ਦੇ ਰੋਮ ਰੋਮ ਵਿੱਚ ਵਿਸ਼ਵ ਅਮਨ, ਮਾਂ ਬੋਲੀ ਪੰਜਾਬੀ, ਕਿਰਤ ਦਾ ਸਵੈਮਾਣ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਹੋਰ ਕਿਹਾ ਕਿ ਬਾਬਾ ਨਜ਼ਮੀ ਨੂੰ ਦੱਖਣੀ ਏਸ਼ੀਆ ਦਾ ਅਮਨ ਪਸੰਦ ਮੀਨਾਰ ਹੈ ਜਿਸਨੇ ਕਲਮ ਨੂੰ ਸਸ਼ਤਰ ਵਾਂਗ ਵਰਤਿਆ ਹੈ। ਉਸ ਨੂੰ ਮਿਲਣਾ , ਸੁਣਨਾ ਤੇ ਪੜ੍ਹਨਾ ਤਾਜ਼ਗੀ ਦਿੰਦਾ ਹੈ। ਹਾਸ਼ਮ ਸ਼ਾਹ ਦੇ ਪਿੰਡ ਜਗਦੇਵ ਕਲਾਂ ਤੋਂ 1947 ਚ ਉੱਜੜ ਕੇ ਲਾਹੌਰ ਵੱਸੇ ਪਰਿਵਾਰ ਦਾ ਇਹ ਰੌਸ਼ਨ ਚਿਰਾਗ ਨਵੇਂ ਨਵੇਲੇ ਤੇ ਸੱਜਰੇ ਅਹਿਸਾਸ ਦਾ ਸਿਰਜਕ ਹੈ। ਲਾਹੌਰ ਚ ਫਰਵਰੀ ਦੇ ਪਹਿਲੇ ਹਫਤੇ ਹੋਈ ਵਿਸ਼ਵ ਅਮਨ ਕਾਨਫਰੰਸ ਚ ਬਾਬਾ ਨਜ਼ਮੀ, ਅਫਜਲ ਸਾਹਿਰ, ਤਾਹਿਰਾ ਸਰਾ , ਸੁਲਤਾਨ ਖਾਰਵੀ ਤੇ ਸਾਬਰ ਅਲੀ ਸਾਬਰ ਨੂੰ ਮਿਲ ਸੁਣ ਕੇ ਪਾਕਿਸਤਾਨੀ ਕਵਿਤਾ ਦੀ ਤਾਸੀਰ ਦਾ ਸੇਕ ਮਹਿਸੂਸ ਕਰਨਾ ਮੇਰੀ ਵੱਡੀ ਪ੍ਰਾਪਤੀ ਸੀ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਬਾਬਾ ਨਜਮੀ ਦੀਆਂ ਲਿਖਤਾਂ ਟੁੱਟਵੇਂ ਰੂਪ ਚ ਸਾਨੂੰ ਹਾਸਲ ਹੁੰਦੀਆਂ ਰਹੀਆਂ ਹਨ ਪਰ ਹੁਣ ਬੱਝਵੇਂ ਰੂਪ ਵਿੱਚ ਪੜ੍ਹ ਸਕਾਂਗੇ। ਉਨ੍ਹਾਂ ਕਿਹਾ ਕਿ ਪ੍ਰੋ: ਜਸਪਾਲ ਘਈ ਤੋਂ ਸਾਹਮੁਖੀ ਲਿਪੀ ਚ ਬਾਬਾ ਨਜਮੀ ਦੀ ਛਪੀ ਸਾਇਰੀ ਨੂੰ ਗੁਰਮੁਖੀ ਜਾਮੇ ਚ ਢਾਲਣਾ ਵੀ ਵੱਡੀ ਸੇਵਾ ਹੈ ਜਿਸ ਲਈ ਸਤੀਸ ਗੁਲਾਟੀ ਜੀ ਮੁਬਾਰਕ ਦੇ ਹੱਕਦਾਰ ਹਨ। ਇਸ ਮੌਕੇ ਉੱਘੇ ਲੇਖਕ ਸਵਰਨਜੀਤ ਸਵੀ, ਗੁਰਚਰਨ ਕੌਰ ਕੋਚਰ,ਹਰਬੰਸ ਮਾਲਵਾ, ਰਾਜਦੀਪ ਤੂਰ,ਪ੍ਰਭਜੋਤ ਸੋਹੀ,ਹਰਦਿਆਲ ਸਿੰਘ ਪਰਵਾਨਾ, ਪਲਵਿੰਦਰ ਬਾਸੀ ਪੀ ਏ ਯੂ,ਅਮਰਜੀਤ ਸੇਰਪੁਰੀ, ਸਰਬਜੀਤ ਵਿਰਦੀ, ਡਾ: ਪਿ੍ਰਤਪਾਲ ਕੌਰ ਚਾਹਲ, ਡਾ: ਅਨਿਲ ਸਰਮਾ ਪੀਏ ਯੂ,ਦਲਬੀਰ ਲੁਧਿਆਣਵੀ,ਸਤਿਬੀਰ ਸਿੰਘ ਸਿੱਧੂ ਟੋਰੰਟੋ, ਪ੍ਰੋ: ਬਲਬੀਰ ਕੌਰ ਪੰਧੇਰ, ਅਮਰਜੀਤ ਸਿੰਘ ਭੁਰਜੀ, ਅਰਜੁਨ ਬਾਵਾ, ਕਰਨੈਲ ਸਿੰਘ ਗਿੱਲ ਮੁੱਲਾਂਪੁਰ,ਬਲਵੰਤ ਸਿੰਘ ਧਨੋਆ, ਡਾ: ਬਲਵਿੰਦਰ ਸਿੰਘ ਵਾਲੀਆ ਵੀ ਹਾਜਰ ਸਨ। ਮੁੱਖ ਮੇਜਬਾਨ ਤੇ ਬਾਬਾ ਬੰਦਾ ਬਹਾਦਰ ਫਾਉਂਡੇਸਨ ਦੇ ਚੇਅਰਮੈਨ ਕਿ੍ਰਸਨ ਕੁਮਾਰ ਬਾਵਾ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ। ਬਦੇਸ ਵੱਸਦੇ ਪੰਜਾਬੀ ਲੇਖਕ ਇਕਬਾਲ ਮਾਹਲ ਨੂੰ ਸਾਹਿੱਤ, ਸਭਿਆਚਾਰ ਤੇ ਮੀਡੀਆ ਮੋਢੀ ਵਜੋਂ ਬਦੇਸਾਂ ਚ ਪਾਏ ਯੋਗਦਾਨ ਲਈ ਬਾਬਾ ਬੰਦਾ ਸਿੰਘ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।