'ਪਾਲੀ ਪਾਣੀ ਖੂਹ ਤੇ ਭਰੇ' ਵਾਲੇ ਲੋਕ ਗਾਇਕ ਗੁਰਪਾਲ ਸਿੰਘ ਪਾਲ ਨਾਲ ਸਾਹਿਤਕ ਮਿਲਣੀ

ਮੋਗਾ,9 ਫਰਵਰੀ (ਜਸ਼ਨ)--ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਅਤੇ ਸਾਹਿਤ ਸਭਾ ਭਲੂਰ ਵੱਲੋਂ ਉੱਘੇ ਪੰਜਾਬੀ ਲੋਕ ਗਾਇਕ ਗੁਰਪਾਲ ਸਿੰਘ ਪਾਲ ਉਰਫ ਤਾਰ ਬਾਬੂ ਨਾਲ ਇੱਕ ਸਾਹਿਤਕ ਮਿਲਣੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਾਹਿਤ ਸਭਾ ਭਲੂਰ ਦੇ ਸਾਬਕਾ ਪ੍ਰਧਾਨ ਜਸਵੀਰ ਭਲੂਰੀਆ ਵੱਲੋਂ ਗਾਇਕ ਗੁਰਪਾਲ ਸਿੰਘ ਪਾਲ ਦੇ ੮੩ ਸਾਲਾਂ ਸਾਹਿਤਕ ਜੀਵਨੀਂ  ਤੇ ਰੋਸ਼ਨੀ ਪਾਈ ਗਈ। ਉਪਰੰਤ ਗੁਰਪਾਲ ਸਿੰਘ ਪਾਲ ਨੇ ਆਪਣੀ ਜੀਵਨੀ ਤੇ ਚਾਨਣਾ ਪਾਉਂਦਿਆਂ  ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਟੀਮ ਨੂੰ ਦੱਸਿਆ ਕਿ ਉਹਨਾਂ ਦਾ ਜਨਮ ਸੰਨ ੧੯੩੫ 'ਚ ਮਾਤਾ ਗੁਰਦਿਆਲ ਕੌਰ, ਪਿਤਾ ਲਹਿਣਾ ਸਿੰਘ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ 'ਚ ਹੋਇਆ।ਉਹਨਾਂ ਦੇ ਘਰ ਦੋ ਪੁੱਤਰਾਂ ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਉਹਨਾਂ ਨੇ ਜੇ.ਬੀ.ਟੀ ਤੱਕ ਦੀ ਵਿੱਦਿਅਕ ਯੋਗਤਾ ਸਾਹਨੇਵਾਲ ਤੋਂ ਹਾਸਲ ਕੀਤੀ ਤੇ ਉਸ ਸਮੇਂ ਫਿਲਮੀ ਕਲਾਕਾਰ ਧਰਮਿੰਦਰ ਕੁਮਾਰ ਉਹਨਾਂ ਦੇ ਹਮ ਜਮਾਤੀ ਸਨ ਅਤੇ ਯੋਗਰਾਜ ਉਹਨੇ ਦੇ ਸ਼ਰੀਕੇ ਭਾਈਚਾਰੇ ਚੋਂ ਤਾਏ ਦਾ ਪੁੱਤਰ ਹੈ ਪੜਾਈ ਉਪਰੰਤ ਉਹਨਾ ਨੇ ਨੌਕਰੀ ਕਰਨ ਵੱਲ ਕੋਈ ਉਚੇਰਾ ਧਿਆਨ ਨਹੀਂ ਦਿੱਤਾ ਅਤੇ ਸਿਰਫ ਗਾਇਕੀ ਦੇ ਸ਼ੋਕ ਨੂੰ ਹੀ ਅਪਣਾਇਆ ਅਤੇ ਗੁਰਚਰਨ ਸਿੰਘ ਬੱਧਨੀ ਕਲਾਂ ਵਾਲੇ ਜੋ ਇਲਾਕਾ ਪੱਧਰ ਤੱਕ ਹੀ ਗਾਇਕੀ ਦਾ ਸ਼ੋਕ ਰੱਖਦੇ ਸਨ।ਉਹਨਾਂ ਨੂੰ ਉਸਤਾਦ ਧਾਰਨ ਕੀਤਾ। ਉਹਨਾਂ ਦਾ ਵਿਆਹ ਗੁਰਤੇਜ ਕੌਰ ਪੁੱਤਰੀ ਦਲੀਪ ਸਿੰਘ ਬਰਾੜ ਵਾਸੀ ਫਰੀਦਕੋਟ ਨਾਲ ਹੋਇਆ। ਗੁਰਤੇਜ ਕੌਰ ਫਰੀਦਕੋਟੀਏ ਰਾਜੇ ਦੇ ਖਾਨਦਾਨ ਨਾਲ ਸਬੰਧਤ ਸਨ।ਉਹਨਾਂ ਦਾ ਗਾਇਕੀ ਦੌਰਾਨ ਪਟਿਆਲਾ ਯੂਨੀਵਰਸਿਟੀ ਅਤੇ ਪੀ.ਏ.ਯੂ ਲੁਧਿਆਣਾ ਦੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੌਰਾਨ ਵਿਸ਼ੇਸ ਸਨਮਾਨ ਹੋਇਆ। ਹੁਣ ੮੩ ਸਾਲ ਦੀ ਉਮਰ ਭੋਗਦੇ ਹੋਏ ਵੀ ਤੁੰਬੀ ਦੀ ਟਣਕਾਰ ਨੂੰ ਬਰਕਰਾਰ ਰੱਖਦੇ ਹਨ ਤੇ ਆਖਰੀ ਦਮ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਉਹਨਾਂ ਦੀ ਦਿਲੀ ਇੱਛਾ ਹੈ। ਅੱਜ-ਕੱਲ੍ਹ ਉਹ ਕੋਟਕਪੂਰਾ ਵਿਖੇ ਆਪਣੇ ਪ੍ਰੀਵਾਰ ਬਗੀਚੀ 'ਚ ਨੂੰਹਾਂ-ਪੁੱਤਰਾਂ, ਪੋਤੇ-ਪੋਤਰੀਆਂ ਦੇ ਪਿਆਰ ਦੀਆਂ ਨਿੱਘੀਆਂ ਛਾਵਾਂ ਮਾਣ ਰਹੇ ਹਨ।ਇਸ ਮੌਕੇ ਉਹਨਾਂ ਆਪਣੇ ਹਰਮਨ ਪਿਆਰੇ ਗੀਤ 'ਪਾਲੀ ਪਾਣੀ ਖੂਹ ਤੇ ਭਰੇ', 'ਪੈਸਾ ਜਿਵੇਂ ਸਦਾਏ ਜਾਂਦੈ 'ਦੁਨੀਆ ਨੱਚੀ ਜਾਂਦੀ ਐ', 'ਸਿੱਖੀ ਦਾ ਬੂਟਾ', 'ਦੁਨੀਆ ਆਪ ਮੁਹਾਰੀ ਐ' ਆਦਿ ਨਾਲ ਹਾਜ਼ਰੀ ਲਗਵਾਈ। ਉਪਰੰਤ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਆ, ਤਾਈ ਨਿਹਾਲੀ ਕਲਾ ਮੰਚ ਲੰਗੇਆਣਾ ਦੇ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ ਅਤੇ ਰਾਜਵੀਰ ਭਲੂਰੀਆ ਵੱਲੋਂ ਗਾਇਕ ਗੁਰਪਾਲ ਸਿੰਘ ਪਾਲ ਨੂੰ ਕਿਤਾਬਾਂ ਦਾ ਸੈਟ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਸਵੀਰ ਭਲੂਰੀਆ, ਵਿੱਕੀ ਸ਼ਰਮਾਂ, ਕੰਵਲਜੀਤ ਕੌਰ, ਕਰਨਜੀਤ ਕੌਰ, ਮਲਕੀਤ ਸਿੰਘ, ਜਸਵੀਰ ਸ਼ਰਮਾਂ ਵੀ ਹਾਜ਼ਰ ਸਨ।