"ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦਾ ਕੈਨੇਡਾ ਦੀ ਧਰਤੀ 'ਤੇ ਨਿੱਘਾ ਸਵਾਗਤ"

***2027 'ਚ ਸਰਕਾਰ ਬਣਨ 'ਤੇ ਪ੍ਰਵਾਸੀਆਂ ਲਈ ਹੋਣਗੇ ਵਿਸ਼ੇਸ਼ ਐਲਾਨ: ਵਿਧਾਇਕ ਰਣਜੀਤ ਸਿੰਘ ਢਿੱਲੋ***

ਮੋਗਾ, 13 ਅਪ੍ਰੈਲ (ਜਸ਼ਨ)ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪ੍ਰਵਾਸੀ ਪੰਜਾਬੀਆਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ 'ਚ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਕੋਈ ਮੁਸ਼ਕਿਲ ਨਾ ਪੇਸ਼ ਆਵੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋ ਨੇ ਕੈਨੇਡਾ ਫੇਰੀ ਦੌਰਾਨ ਸਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ। ਆਪਣੇ ਨਿੱਜੀ ਦੌਰੇ 'ਤੇ ਕੈਨੇਡਾ ਪਹੁੰਚੇ ਸ੍ਰ ਢਿੱਲੋਂ ਹੁਰਾਂ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਅੰਦਰ ਪ੍ਰਵਾਸੀ ਪੰਜਾਬੀਆਂ ਵੱਲੋਂ ਨਿੱਘਾ ਸਨਮਾਨ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਢਿੱਲੋਂ ਨੇ ਕਿਹਾ ਕਿ ਸੂਬੇ ਅੰਦਰ ਸੱਤਾ 'ਤੇ ਕਾਬਜ਼ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਪਰਵਾਸੀ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਪਰੰਤੂ ਆਪ ਆਗੂਆਂ ਨੇ ਪੰਜਾਬ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਘਾਣ ਕਰਕੇ ਸੂਬੇ ਦੇ ਖਜ਼ਾਨੇ ਨੂੰ ਰੱਜ ਕੇ ਲੁੱਟਿਆ ਜਿਸ ਕਾਰਨ ਪੰਜਾਬ ਸੂਬੇ ਉੱਪਰ ਕਰਜ਼ੇ ਦਾ ਬੋਝ ਦਿਨੋ-ਦਿਨ ਵਧਦਾ ਜਾ ਰਿਹਾ ਹੈ ਅਤੇ ਹਾਲਾਤ ਇੱਥੋਂ ਤੱਕ ਬਦਤਰ ਹੋ ਗਏ ਹਨ ਕਿ ਪੰਜਾਬ ਅੰਦਰ ਮਿਲਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਸਹੂਲਤਾਂ ਜਾਂ ਸਰਕਾਰੀ ਸਕੀਮਾਂ 'ਚ ਪੰਜਾਬ ਤੋਂ ਬਾਹਰਲੇ ਸੂਬਿਆਂ ਦੀਆਂ ਕੰਪਨੀਆਂ ਰਾਹੀਂ ਪੰਜਾਬੀਆਂ ਦੇ ਖੂਨ-ਪਸੀਨੇ ਦੀ ਕਮਾਈ ਨੂੰ ਦਿੱਲੀ ਦੇ ਧਾੜਵੀ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣਨ ਜਾ ਰਹੀ ਹੈ ਜਿਸਦੇ ਨਾਲ ਹੀ ਸੂਬੇ ਦੇ ਬਹੁਪੱਖੀ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਹੋਣਗੇ, ਕਿਉਂਕਿ ਸਰਦਾਰ ਬਾਦਲ ਦਾ ਇੱਕੋ-ਇੱਕ ਮੰਤਵ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਉਤੇ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ, ਨਸ਼ਿਆਂ ਅਤੇ ਹੋਰਨਾਂ ਮੁੱਦਿਆਂ ਤੇ ਸਿਆਸਤ ਕਰਨ ਵਾਲੀ ਕੇਜਰੀਵਾਲ ਐਂਡ ਪਾਰਟੀ ਨੂੰ ਪੰਜਾਬ ਦੇ ਲੋਕ ਮਨਾਂ 'ਚੋਂ ਕੱਢ ਚੁੱਕੇ ਹਨ ਅਤੇ ਸਰਕਾਰ ਆਉਣ 'ਤੇ ਇੰਨ੍ਹਾਂ ਅਖੌਤੀ ਇਨਕਲਾਬੀਆਂ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵੈਸਟ ਦੇ ਸੀਨੀਅਰ ਆਗੂ ਪਵਨ ਗਰੋਵਰ ਅਤੇ ਸ਼੍ਰੋਮਣੀ ਅਕਾਲੀ  ਦਲ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਕਮਲਜੀਤ ਸਿੰਘ ਮੋਗਾ ਨੇ ਜਿੱਥੇ ਪਾਰਟੀ ਨਾਲੋਂ ਅਲੱਗ ਹੋਏ ਕੁਝ ਆਗੂਆਂ ਦੀ ਘਰ ਵਾਪਸੀ ਤੇ ਖੁਸ਼ੀ ਜ਼ਾਹਰ ਕੀਤੀ ਉੱਥੇ ਹੋਰਨਾਂ ਆਗੂਆਂ ਨੂੰ ਵੀ ਇੱਕੋ ਝੰਡੇ ਥੱਲੇ ਇਕੱਤਰ ਹੋ ਕੇ ਪੰਜਾਬ ਅੰਦਰ ਖੇਤਰੀ ਪਾਰਟੀ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕੁਲਦੀਪ ਸਿੰਘ ਦੌਲਤਪੁਰਾ, ਇੰਦਰਜੀਤ ਸਿੰਘ ਰੂਮੀ, ਜਸਕਰਨ ਸਿੰਘ ਢਿੱਲੋਂ ਲੁਧਿਆਣਾ, ਸਤਨਾਮ ਸਿੰਘ ਦਾਤੇਵਾਲ, ਚਰਨਜੀਤ ਸਿੰਘ ਡਗਰੂ, ਗੁਰਮੀਤ ਸਿੰਘ ਪਨੇਸਰ, ਨਵਜੋਤ ਸਿੰਘ ਪਨੇਸਰ, ਯੁਵਪ੍ਰੀਤ ਸਿੰਘ ਮੋਹੀ, ਅਵਲਪ੍ਰੀਤ ਸਿੰਘ ਮੋਹੀ, ਸੁਖਦੇਵ ਸਿੰਘ ਮੋਗਾ, ਕੋਮਲਜੀਤ ਸਿੰਘ ਪਨੇਸਰ, ਅਮਰਜੀਤ ਸਿੰਘ ਬੰਬਰਾ, ਮਾਲਵਿੰਦਰ ਸਿੰਘ ਜਨੇਰ, ਜਗਤਾਰ ਸਿੰਘ ਜਨੇਰ, ਕਰਮਿੰਦਰ ਸਿੰਘ ਕੰਬੋਜ, ਦਵਿੰਦਰ ਸਿੰਘ ਖਟੜਾ, ਭੋਲਾ ਨਾਗਪਾਲ ਕੋਟ ਈਸੇ ਖਾਂ,  ਨਵਦੀਪ ਸਿੰਘ ਵਿਰਦੀ, ਅਮਰਜੀਤ ਸਿੰਘ ਜੱਗੀ, ਪਰਮਿੰਦਰ ਸਿੰਘ, ਰੁਪਿੰਦਰ ਸਿੰਘ ਕਲਸੀ, ਹਰਚੰਦ ਸਿੰਘ ਭੰਗੂ ਬੱਧਨੀ ਕਲਾਂ, ਜਸਪ੍ਰੀਤ ਸਿੰਘ ਕੜਿਆਲ ਆਦਿ ਹਾਜ਼ਰ ਸਨ।