ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਮਾਲਵਿਕਾ ਸੂਦ ਨੇ ਘਰ-ਘਰ ਦਾ ਖੜਕਾਇਆ ਬੂਹਾ

ਮੋਗਾ, 22 ਮਈ (ਜਸ਼ਨ ) ਵਿਧਾਨ ਸਭਾ ਹਲਕਾ ਮੋਗਾ ਵਿਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਇਸ ਤਹਿਤ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰਾਂ  ਦੇ ਹੱਕ ਵਿਚ ਪ੍ਰਚਾਰ ਕਰਦੇ ਹੋਏ ਹਲਕਾ ਇੰਚਾਰਜ ਮਾਲਵਿਕਾ ਸੂਦ ਵੱਲੋਂ ਆਪਣੇ ਸਾਥੀਆਂ ਸਮੇਤ ਡੋਰ ਟੂ ਡੋਰ ਮੁਹਿੰਮ ਚਲਾਈ ਗਈ। ਇਸ ਦੌਰਾਨ ਮਾਲਵਿਕਾ ਸੂਦ ਨੇ ਇਲਾਕਾ ਨਿਵਾਸੀਆਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਅਤੇ ਉਮੀਦਵਾਰਾਂ  ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕ ਭਲਾਈ ਦੇ ਕੰਮਾਂ ਲਈ ਵਚਨਬੱਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਵਾਰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਮਾਲਵਿਕਾ ਸੂਦ ਨੇ ਦਾਅਵਾ ਕੀਤਾ ਕਿ ਹਰ ਵਾਰਡ  ਦੇ ਵਾਸੀ ਪਹਿਲਾਂ ਹੀ ਕਾਂਗਰਸੀ ਉਮੀਦਵਾਰਾਂ ਨੂੰ ਕੌਂਸਲਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੀ ਹਮਦਰਦੀ, ਪਿਆਰ ਅਤੇ ਸਤਿਕਾਰ ਇਹ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਇਸ ਵਾਰ ਵੱਡੀ ਜਿੱਤ ਦਰਜ ਕਰਨ ਜਾ ਰਹੀ ਹੈ। ਉਨ੍ਹਾਂ  "ਅੰਤਰਰਾਸ਼ਟਰੀ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਦੱਸਿਆ ਕਿ ਪਾਰਟੀ ਦੇ ਉਮੀਦਵਾਰਾਂ ਨੂੰ ਹਰ ਵਰਗ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ, ਜੋ ਕਿ ਚੋਣ ਨਤੀਜਿਆਂ ਵਿਚ ਸਾਫ਼ ਨਜ਼ਰ ਆਵੇਗਾ।  ਡੋਰ ਟੂ ਡੋਰ ਮੁਹਿੰਮ ਦੌਰਾਨ ਕਾਂਗਰਸ ਵਰਕਰਾਂ ਵਿਚ ਵੀ ਕਾਫ਼ੀ ਜੋਸ਼ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੇ ਹੱਕ ਵਿਚ ਵੋਟ ਕਰਨ ਲਈ ਪ੍ਰੇਰਿਤ ਕੀਤਾ ਗਿਆ।