ਇਤਿਹਾਸ ਗਵਾਹ ਹੈ ਕਿ ਸਥਾਨਕ ਚੋਣਾਂ ਦੇ ਨਤੀਜਿਆਂ ਦਾ ਕਦੇ ਵੀ ਵਿਧਾਨ ਸਭਾ ਚੋਣ ’ਤੇ ਅਸਰ ਨਹੀਂ ਪਿਆ : ਸੁਖਜੀਤ ਸਿੰਘ ਲੋਹਗੜ

ਕੋਟ ਈਸੇ ਖਾਂ, 2 ਜੂਨ (ਜਸ਼ਨ ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਸਥਾਨਕ ਚੋਣਾਂ ਦਾ ਕਦੇ ਵੀ ਵਿਧਾਨ ਸਭਾ ਚੋਣਾਂ ਤੇ ਕੋਈ ਅਸਰ ਨਹੀਂ ਪਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਪ੍ਰੈਸ ਕੋਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪੁਰਾਣਾ ਇਤਿਹਾਸ ਦੱਸਦਾ ਹੈ ਕਿ ਜੋ ਪਾਰਟੀ ਸੂਬੇ ਦੀ ਸੱਤਾ ’ਤੇ ਕਾਬਜ਼ ਹੁੰਦੀ ਹੈ ਉਸਦੇ ਉਮੀਦਵਾਰ  ਅਕਸਰ ਜਿਆਦਾ ਜਿੱਤਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2002 ਤੋਂ 2007 ਤੱਕ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ। ਇਸ ਦੌਰਾਨ ਸਮੁੱਚੀਆਂ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ, ਜਿਲਾ ਪਰਿਸ਼ਦਾਂ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਛਾਈ ਰਹੀ। ਇਸ ਤੋਂ ਬਾਅਦ 2012 ਵਾਲੀ ਬਾਦਲ ਸਰਕਾਰ ਵਿਚ ਉਸ ਸਮੇਂ ਅਕਾਲੀ ਭਾਜਪਾ ਨੇ ਸੂਬੇ ਦੀਆਂ ਸਮੁੱਚੀਆਂ ਚੋਣਾਂ ਤੇ ਕਬਜ਼ਾ ਕੀਤਾ। 2017 ਵਿਚ ਮੁੜ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣ ਗਈ, ਇਸ ਦੌਰਾਨ ਜਿੰਨੀਆਂ ਵੀ ਚੋਣਾਂ ਹੋਈਆਂ ਕਾਂਗਰਸ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ। ਜਿੰਨੀਆਂ ਵੀ ਵਿਧਾਨ ਸਭਾ, ਲੋਕ ਸਭਾ ਉਪ ਚੋਣਾਂ, ਸਥਾਨਕ ਚੋਣਾਂ ਹੋਈਆਂ ਉਹ ਵੀ ਕਾਂਗਰਸ ਨੇ ਜਿੱਤੀਆਂ। ਉਨ੍ਹਾਂ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਸਥਾਨਕ ਚੋਣਾਂ ਕੋਈ ਜਿੱਤੇ ਹਾਰੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਲਿਹਾਜਾ ਸਥਾਨਕ ਚੋਣਾਂ ਵਿਚ ਜਿਹੜੀ ਵੀ ਪਾਰਟੀ ਜਿੱਤਦੀ ਹੈ ਉਸ ਨੂੰ ਜ਼ਿਆਦਾ ਖੁਸ਼ ਹੋਣ ਦੀ ਜਰੂਰਤ ਨਹੀਂ, ਇਹ ਖੁਸ਼ੀ ਸਿਰਫ  ਮੇਅਰ  ਬਣਨ ਜਾਂ ਪ੍ਰਧਾਨ ਬਣਨ ਤੱਕ ਹੀ ਸੀਮਤ ਰਹਿੰਦੀ ਹੈ।