ਰਾਜ ਸਭਾ ਮੈਂਬਰ ਸ੍ਰੀ ਤਰੁਣ ਚੁੱਘ ਦੀ ਮੋਗਾ ਆਮਦ 'ਤੇ ਜ਼ਿਲ੍ਹੇ ਭਰ ਦੇ ਆਗੂਆਂ ਅਤੇ ਕਾਰਕੁਨਾਂ ਵਿਚ ਵਿਸ਼ੇਸ਼ ਉਤਸ਼ਾਹ: ਕ੍ਰਿਸ਼ਨ ਸੈਣੀ

ਮੋਗਾ, 24 ਜੂਨ (ਜਸ਼ਨ ) ਭਾਰਤੀਆ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸੈਕਟਰੀ ਅਤੇ ਰਾਜ ਸਭਾ ਮੈਂਬਰ ਸ੍ਰੀ ਤਰੁਣ ਚੁੱਘ ਦੀ ਮੋਗਾ ਆਮਦ 'ਤੇ ਜ਼ਿਲੇ ਭਰ ਦੇ ਆਗੂਆਂ ਅਤੇ ਕਾਰਕੁਨਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਆਪਣੇ ਮਹਿਬੂਬ ਆਗੂ ਦੇ ਸਵਾਗਤ ਲਈ ਸਮੁੱਚੀ ਭਾਰਤੀ ਜਨਤਾ ਪਾਰਟੀ ਪੱਬਾਂ ਭਾਰ ਹੋਈ ਉਡੀਕਵਾਨ ਹੈ।"ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀਆ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਓ ਬੀ ਸੀ ਮੋਰਚਾ ) ਕ੍ਰਿਸ਼ਨ ਸੈਣੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕੀਤਾ। ਸੈਣੀ ਨੇ ਕਿਹਾ ਕਿ ਪੰਜਾਬ ਦੀ ਖ਼ਰਾਬ ਕਾਨੂੰਨ-ਵਿਵਸਥਾ, ਗੈਂਗਸਟਰਵਾਦ, ਡਰੱਗਜ਼ ਅਤੇ ਨੌਜਵਾਨਾਂ ਦਾ ਪਲਾਇਨ ਸੂਬੇ ਅਤੇ ਸਮੁੱਚੇ ਦੇਸ ਦੀ ਚਿੰਤਾ ਬਣ ਗਿਆ ਹੈ। ਜਿਵੇਂ ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰਾਂ ਨੇ ਜੀਅ ਤੋੜ ਮਿਹਨਤ ਕਰ ਕੇ ਬੰਗਾਲ ਜਿੱਤਿਆ, ਉਵੇਂ ਹੀ ਪੰਜਾਬ ਵਿੱਚ ਸਮੁੱਚੇ ਭਾਜਪਾ ਵਰਕਰ ਦਿਨ ਰਾਤ ਇੱਕ ਕਰਕੇ ਡਬਲ ਇੰਜਨ ਦੀ ਸਰਕਾਰ ਬਣਾਉਣ ਲਈ ਉਤਾਵਲੇ ਨੇ ਤਾਂ ਜੋ ਪੰਜਾਬ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਉਹਨਾਂ ਕਿਹਾ ਕਿ ਸ੍ਰੀ ਚੁੱਘ ਦੀ ਮੋਗਾ ਆਮਦ ਮੌਕੇ ਉਹਨਾਂ ਵਲੋਂ ਕਾਰਕੁਨਾਂ ਦੀ ਬੈਠਕ ਨੂੰ ਸੰਬੋਧਨ ਕਰਨ ਨਾਲ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਵੇਗਾ ਅਤੇ 2027 ਦੌਰਾਨ ਵਿਧਾਨ ਸਭਾ ਚੋਣਾਂ ਜਿੱਤਣ ਦਾ ਮਿਸ਼ਨ ਆਸਾਨੀ ਨਾਲ ਪੂਰਾ ਹੋ ਸਕੇਗਾ ।
ਉਹਨਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਪੂਰੇ ਦਮਖ਼ਮ ਨਾਲ ਲੜਨ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਭ੍ਰਿਸ਼ਟਾਚਾਰੀ ਗਠਜੋੜ ਦੇ ਖ਼ਿਲਾਫ਼ ਸੜਕ 'ਤੇ ਲੜ ਕੇ ਭਾਜਪਾ ਦੀ 'ਡਬਲ ਇੰਜਣ' ਸਰਕਾਰ ਬਣਾਉਣੀ ਪਵੇਗੀ, ਜਿਸ ਤੋਂ ਬਿਨਾਂ ਸੂਬੇ ਦਾ ਰਾਜਨੀਤਿਕ ਅਤੇ ਉਦਯੋਗਿਕ ਪੁਨਰ-ਸੁਰਜੀਤੀ ਸੰਭਵ ਨਹੀਂ ਹੈ ਅਤੇ ਇਸ ਮਕਸਦ ਲਈ ਹਰ ਵਰਕਰ ਤਿਆਰ ਬਰ ਤਿਆਰ ਹੈ ।


