ਕੋਠੇ ਇੰਦਰ ਸਿੰਘ ਵਾਲਾ ਦੇ ਸੇਵਾ ਕੇਂਦਰ ਵਿਖੇ ਰਾਤ ਸਮੇਂ ਹੋਈ ਚੋਰੀ

ਕੋਟਕਪੂਰਾ, 10 ਮਈ (ਟਿੰਕੂ ਪਰਜਾਪਤੀ) :- ਬੀਤੀ ਰਾਤ ਦੇਰ ਕੋਠੇ ਇੰਦਰ ਸਿੰਘ ਵਾਲਾ ਨੇੜਲੇ ਪਿੰਡ ਦੇਵੀ ਵਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਖੋਲੇ ਗਏ ਸੇਵਾ ਕੇਂਦਰ ਵਿਖੇ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਸੇਵਾ ਕੇਂਦਰ ਦੇ ਅਪ੍ਰੇਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਅੱਜ ਸਵੇਰੇ 9:00 ਵਜੇ ਉਹ ਸੇਵਾ ਕੇਂਦਰ ਪੁੱਜਾ ਤਾਂ ਕੇਂਦਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਮੁੱਖ ਦਰਵਾਜ਼ੇ ਦਾ ਤਾਲਾ ਤੋੜ ਕੇ ਡਾਟਾ ਸਟੋਰ ਕਰਨ ਵਾਲਾ ਮੁੱਖ ਯੰਤਰ ਅਤੇ ਜਨਰੇਟਰ ਦੀ ਅੰਦਰ ਰੱਖੀ ਬੈਟਰੀ ਚੋਰੀ ਕਰ ਲਈ ਗਈ। ਇਸ ਸੇਵਾ ਕੇਂਦਰ ’ਚ ਹਰ ਰੋਜ਼ ਅੰਦਾਜਨ ਕਰੀਬ 3,000 ਰੁਪਏ ਦੀ ਰਾਸ਼ੀ ਇਕੱਠੀ ਹੁੰਦੀ ਹੈ ਅਤੇ ਦਿਨ ਵੇਲੇ ਇਕੱਠੀ ਹੋਈ ਰਾਸ਼ੀ ਅਪੇ੍ਰਟਰ ਆਪਣੇ ਨਾਲ ਲੈ ਜਾਂਦੇ ਸਨ। ਜਿਸ ਕਰਨ ਨਗਦੀ ਚੋਰੀ ਹੋਣ ਦਾ ਨੁਕਸਾਨ ਹੋਣੋਂ ਬਚ ਗਿਆ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਬੀ.ਐਲ.ਸੀ ਕੰਪਨੀ ਵੱਲੋਂ ਪੰਜਾਬ ਵਿਚ ਸੇਵਾ ਕੇਂਦਰ ਚਲਾਏ ਜਾ ਰਹੇ ਹਨ ਪਰ ਪੇਂਡੂ ਸੇਵਾ ਕੇਂਦਰਾਂ ਵਿਚ ਕੋਈ ਸੁਰੱਖਿਆ ਕਰਮੀ ਨਹੀਂ ਰੱਖੇ ਗਏ।


