ਗਾਇਕ ਤੇ ਅਦਾਕਾਰ ਕੇ ਐਸ ਮੱਖਣ ਹੋਏ ਡੱਲਾ ਵਾਸੀਆਂ ਦੇ ਰੂਬਰੂ

ਜਗਰਾਉ,11 ਮਈ (ਲੋਹਟ)-ਪੰਜਾਬੀ ਗਾਇਕੀ ਤੇ ਅਦਾਕਾਰੀ ਖੇਤਰ ਵਿਚ ਵਿਸਵ ਪੱਧਰ ‘ਤੇ ਬੁਲੰਦੀਆਂ ਹਾਸਿਲ ਕਰਨ ਵਾਲੇ ਗਾਇਕ ਤੇ ਅਦਾਕਾਰ ਕੇ.ਐਸ ਮੱਖਣ ਗਰੀਨ ਵਿਲੇਜ ਵਜੋਂ ਜਾਣੇ ਜਾਂਦੇ ਇਲਾਕੇ ਦੇ ਖੂਬਸੂਰਤ ਪਿੰਡ ਡੱਲਾ ਵਿਖੇ ਪੁੱਜ ਕੇ ਨਗਰ ਨਿਵਾਸੀਆਂ ਦੇ ਰੂਬਰੂ ਹੋਏ, ਜਿੱਥੇ ਪਿੰਡ ਦੇ ਨੌਜਵਾਨਾਂ ਵਲੋਂ ਰੰਗਕਰਮੀ ਜਸਵੀਰ ਸਿੰਘ ਗੋਪੀ ਦੀ ਅਗਵਾਈ ਵਿਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਨਾਂ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਆਖਿਆ ਗਿਆ। ਇਥੇ ਦੱਸਣਯੋਗ ਹੈ ਕਿ ਸ: ਮੱਖਣ ਲਿਸ਼ਕਾਰਾ ਟੀਵੀ ਕੈਨੇਡਾ ‘ਤੇ ਪ੍ਰਸਾਰਿਤ ਪ੍ਰੋਗਰਾਮ “ਰੂਬਰੂ“ ਦੀ ਸ਼ੂਟਿੰਗ ਲਈ ਪਧਾਰੇ ਸਨ। ਇਸ ਦੌਰਾਨ ਪਿੰਡ ਦੀ ਸੱਥ ਵਿਚ ਵੱਡੀ ਗਿਣਤੀ ਵਿਚ ਇਕੱਤਰ ਬੱਚੇ, ਬੁੱਢੇ ਅਤੇ ਬੀਬੀਆਂ ਭੈਣਾਂ ਨੇ ਕੇ. ਐਸ ਮੱਖਣ ਨਾਲ ਜੀਵਨ, ਸੰਘਰਸ਼, ਸੰਗੀਤ ਤੇ ਫਿਲਮੀਂ ਸਫਰ ਬਾਰੇ ਸਿੱਧੀਆਂ ਗੱਲਾਂ ਕੀਤੀਆਂ। ਕੇ. ਐਸ. ਮੱਖਣ ਨੇ ਵੀ ਹਾਜ਼ਰ ਦਰਸਕਾਂ ਵਲੋਂ ਕੀਤੇ ਸਵਾਲਾਂ ਦੇ ਜੁਆਬਾਂ ਨੂੰ ਢੁੱਕਵੇਂ ਅਤੇ ਦਿਲਚਸਪ ਅੰਦਾਜ ਵਿਚ ਪੇਸ਼ ਕੀਤਾ। ਕੇ. ਐਸ ਮੱਖਣ ਨੇ ਪਿੰਡ ਦੇ ਪ੍ਰਵਾਸੀ ਪੰਜਾਬੀਆਂ ਵਲੋਂ ਗਰੀਨ ਵਿਲੇਜ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਰੰਗ ਕਰਮੀ ਜਸਵੀਰ ਸਿੰਘ ਗੋਪੀ ਨੇ ਕਿਹਾ ਕਿ ਕੇ. ਐਸ ਮੱਖਣ ਦੀ ਫੇਰੀ ਨਾਲ ਪਿੰਡ ਦੇ ਨੌਜਵਾਨਾਂ ਵਿਚ ਵਾਤਾਵਰਣ ,ਖੇਡਾਂ ਅਤੇ ਸਮਾਜ ਸੇਵੀ ਕਾਰਜਾਂ ਨੂੰ ਹੋਰ ਵੀ ਤਨਦੇਹੀ ਨਾਲ ਕਰਨ ਦੀ ਉਤਸੁਕਤਾ ਵਧੀ ਹੈ। ਇਸ ਮੌਕੇ ਲਿਸ਼ਕਾਰਾ ਟੀ ਵੀ ਕੈਨੇਡਾ ਦੇ ਨਿਰਦੇਸ਼ਕ ਕੁਲਦੀਪ ਲੋਹਟ ਐਂਕਰ ਸਿਮਰ ਕੌਰ,ਕੈਮਰਾਮੈਨ ਰਾਜੂ ਦੁਆ,ਲੱਕੀ ਰਾਏ, ਮਨਪ੍ਰੀਤ ਸਿੰਘ,ਗੋਪੀ ਸਿੱਧੂ ਡੱਲਾ, ਸੋਨੀ ਡੱਲਾ ,ਪਰਮਿੰਦਰ ਸਿੰਘ,ਸੇਰਾਂ ਸਰਾਂ ,ਮਨਪ੍ਰੀਤ ਡੱਲਾ,ਜੋਤਾ ਸਿੱਧੂ,ਜਗਰਾਜ ਡੱਲਾ,ਗੱਗੀ ਸਰਾਂ ,ਦੀਪਕ ਰਸੂਲਪੁਰ,ਸਟੀਫਨ ਸਮੇਤ ਸਮੂੱਚੀ ਗ੍ਰਾਮ ਪੰਚਾਇਤ ਹਾਜ਼ਰ ਸੀ।


