ਪੰਜਾਬ ਯੂਨੀਵਰਸਿਟੀ ਵਿੱਚ ਸੁਖਾਨੰਦ ਕਾਲਜ ਦੀ ਬੱਲੇ-ਬੱਲੇ,ਅਮਨਦੀਪ ਕੌਰ ਹਰੇਕ ਸਮੈਸਟਰ ਵਿੱਚ ਪੰਜਾਬ ਯੂਨੀਵਰਸਿਟੀ ਦੀ ਟੌਪਰ ਲਿਸਟ ਵਿੱਚ,ਪੰਜਵੇਂ ਸਮੈਸਟਰ ਵਿੱਚ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਚਮਕਾਇਆ

ਮੋਗਾ,12 ਮਈ (ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਲਗਾਤਾਰ ਬੁਲੰਦੀਆਂ ਨੂੰ ਛੋਹਣ ਵਾਲੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ, ਬੀ.ਏ. ਸਮੈਸਟਰ ਪੰਜਵਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੌਪਰ ਲਿਸਟ ਵਿੱਚ ਦੂਜਾ ਅਤੇ ਮੋਗਾ ਜਿਲ੍ਹੇ ਵਿੱਚ 87.25 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੁਸ਼ਨਾਇਆ ਹੈ। ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਨਦੀਪ ਕੌਰ ਬੀ.ਏ. ਦੇ ਹਰੇਕ ਸਮੈਸਟਰ ਵਿੱਚ ਯੂਨੀਵਰਸਿਟੀ ਟੌਪਰਜ਼ ਲਿਸਟ ਵਿੱਚ ਸੁਖਾਨੰਦ ਕਾਲਜ ਦਾ ਮਾਣ ਬਣ ਚੁੱਕੀ ਹੈ।ਡਾ.ਸੁਖਵਿੰਦਰ ਕੌਰ ਨੇ ਦੱਸਿਆ ਕਿ ਸਮੈਸਟਰ ਚੌਥਾ ਜਿਸਦੀ ਟੌਪਰ ਲਿਸਟ ਵੀ ਹਾਲ ਹੀ ਵਿੱਚ ਘੌਸ਼ਿਤ ਹੋਈ ਹੈ, ਅਨੁਸਾਰ ਇਹ ਵਿਦਿਆਰਥਣ 90.25 ਫ਼ੀਸਦੀ ਅੰਕਾਂ ਨਾਲ ਪੰਜਵੇਂ ਸਥਾਨ ਤੇ ਰਹੀ ਅਤੇ ਮੋਗਾ ਜ਼ਿਲ੍ਹੇ ਵਿੱਚ ਇਸਦਾ ਪਹਿਲਾ ਸਥਾਨ ਬੁਲੰਦ ਹੈ।ਗਣਿਤ, ਇਕਨਾਮਿਕਸ ਅਤੇ ਕੰਪਿਊਟਰ ਸਾਇੰਸ ਇਸਦੇ ਚੌਣਵੇਂ ਵਿਸ਼ੇ ਹਨ। ਉਹਨਾਂ ਕਿਹਾ ਕਿ ਅਸੀਂ ਇਸ ਵਿਦਿਆਰਥਣ ਦੇ ਸਰਵਉੱਤਮ ਭਵਿੱਖ ਦੀ ਕਾਮਨਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਵਿਦਿਆਰਥਣ ਬੀ.ਏ. ਸਮੈਸਟਰ ਛੇਵੇਂ ਵਿੱਚ ਬੁਲੰਦੀਆਂ ਹਾਸਲ ਕਰੇਗੀ।ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਅਮਨਦੀਪ ਕੌਰ ਨੇ ਦੱਸਿਆ ਕਿ ਉਹ ਮੱਧਵਰਗੀ ਖੇਤੀ-ਬਾੜੀ ਵਾਲੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਬੀ.ਏ. ਤੋਂ ਬਾਅਦ ਉਸ ਦਾ ਨਿਸ਼ਾਨਾ ਐੱਮ.ਐੱਸ.ਸੀ.(ਗਣਿਤ) ਕਰਕੇ ਗਣਿਤ ਦੀ ਪ੍ਰੋਫ਼ੈਸਰ ਬਣਨਾ ਹੈ। ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਪ੍ਰੋਫ਼ੈਸਰ ਬਣਕੇ ਆਪਣੇ ਪਛੜੇ ਪੇਂਡੂ ਇਲਾਕੇ ਦੀ ਸੇਵਾ ਕਰਨਾ ਚਾਹੰੁਦੀ ਹੈ।ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਇਸ ਹੋਣਹਾਰ ਵਿਦਿਆਰਥਣ, ਉਸਦੇ ਮਾਤਾ-ਪਿਤਾ ਅਤੇ ਸਹਾਇਕ ਪ੍ਰੋਫ਼ੈਸਰ ਸਾਹਿਬਾਨਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆ। ਉਹਨਾਂ ਕਿਹਾ ਕਿ ਇੱਕ ਪੱਛੜੇ ਪੇਂਡੂ ਖੇਤਰ ਵਿੱਚ ਲੜਕੀਆਂ ਨੂੰ ਵਿੱਦਿਆ ਦਾਨ ਦੇਣਾ ਸਾਡਾ ਮੰਤਵ ਹੈ ਅਤੇ ਇਸ ਨੂੰ ਪੂਰਾ ਕਰਨ ਵਿੱਚ ਅਧਿਆਪਕਾਂ ਦੀ ਲਗਨ ਅਤੇ ਅਜਿਹੀ ਵਿਦਿਆਰਥਣ ਦੀ ਅਣਥੱਕ ਮਿਹਨਤ ਦੇ ਨਾਲ ਉਹਨਾਂ ਦੇ ਮਾਤਾ-ਪਿਤਾ ਦੀ ਅਹਿਮ ਭੂਮਿਕਾ ਰਹੀ ਹੈ। ਉਹਨਾਂ ਕਿਹਾ ਕਿ ਅਮਨਦੀਪ ਆਪਣੇ ਪਿੰਡ ਭਦੌੜ (ਬਰਨਾਲਾ), ਪਰਿਵਾਰ ਅਤੇ ਕਾਲਜ ਦਾ ਮਾਣ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ