ਐਸ.ਐਚ.ਓ.ਦੇ ਲੜਕੇ ਦਾ ਕਤਲ ,ਟੋਲ ਪਲਾਜਾ ਹਿੱਸੋਵਾਲ ਨੇੜਿਓ ਸੜਕ ਕਿਨਾਰੇ ਖੜੀ ਫੀਗੋ ਕਾਰ ‘ਚ ਮਿਲੀ ਲਾਸ਼

ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾ, 12 ਮਈ (ਕੁਲਦੀਪ ਲੋਹਟ) ਟੋਲ ਪਲਾਜਾ ਹਿੱਸੋਵਾਲ ਨੇੜਿਓ ਸ਼ਨੀਵਾਰ ਸਵੇਰੇ ਸਿਲਵਰ ਰੰਗ ਦੀ ਫੋਰਡ ਫੀਗੋ ਕਾਰ ‘ਚ ਨੌਜਵਾਨ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ। ਮਿ੍ਰਤਕ ਦੀ ਪਛਾਣ ਜੀਵਨਜੋਤ ਸਿੰਘ ( 24 ਸਾਲ ) ਪੁੱਤਰ ਗੁਰਮੀਤ ਸਿੰਘ ਵਾਸੀ ਪੱਖੋਵਾਲ ਰੋਡ ਜਿਲਾ ਲੁਧਿਆਣਾ ਵੱਜੋਂ ਹੋਈ ਹੈ। ਥਾਣਾ ਸੁਧਾਰ ਦੀ ਪੁਲਿਸ ਨੇ ਮਿ੍ਰਤਕ ਨੌਜਵਾਨ ਜੀਤਵਜੋਤ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈ ਉਸ ਦੇ ਪਿਤਾ ਸਬ-ਇੰਸਪੈਕਟਰ ਗੁਰਮੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਲੁਧਿਆਣਾ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਵਿਰੁਧ ਧਾਰਾ 302/328/34 ਆਈ.ਪੀ.ਸੀ.ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸ਼ਟਮਾਰਟਮ ਲਈ ਪ੍ਰੇਮਜੀਤ ਸਿਵਲ ਹਸਪਤਾਲ ਸੁਧਾਰ ਭੇਜ ਦਿੱਤੀ ਹੈ। ਮੌਕੇ ‘ਤੇ ਜਾ ਕੇ ਇੱਕਤਰ ਕੀਤੀ ਜਾਣਕਾਰ ਅਨੁਸਾਰ ਸ਼ਨੀਵਾਰ ਸਵੇਰੇ ਪਿੰਡ ਹਿੱਸੋਵਾਲ ਦੇ ਟੋਲ ਪਲਾਜਾ ਨੇੜੇ ਲੋਕਾਂ ਨੇ ਸਿਲਵਰ ਰੰਗ ਦੀ ਫੋਰਡ ਫੀਗੋ ਕਾਰ ‘ਚ ਡਰਾਈਵਰ ਵਾਲੀ ਸੀਟ ‘ਤੇ ਇਕ ਨੌਜਵਾਨ ਨੂੰ ਡਿੱਗਿਆ ਪਿਆ ਦੇਖਿਆ। ਜਿੰਨ੍ਹਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ।ਸੂਚਨਾ ਮਿਲਦੇ ਸਾਰ ਹੀ ਥਾਣਾ ਦਾਖਾ ਅਤੇ ਸੁਧਾਰ ਦੀ ਪੁਲਿਸ ਮੌਕੇ ‘ਤੇ ਪੁੱਜੀ,ਪਰੰਤੂ ਹੱਦ ਥਾਣਾ ਸੁਧਾਰ ਅਧੀਨ ਆਉਣ ਕਰਕੇ ਪੁਲਿਸ ਨੇ ਜਦ ਉਕਤ ਫੀਗੋ ਕਾਰ ਦਾ ਦਰਵਾਜਾ ਖੋਲ੍ਹਿਆ ਤਾਂ ਉਸ ਵਿੱਚੋਂ ਨੌਜਵਾਨ ਜੀਵਨਜੋਤ ਸਿੰਘ ਦੀ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ। ਜਿਸ ਦੀ ਪੈਂਟ ਅੱਧੀ ਉਤਰੀ ਹੋਈ ਸੀ ਅਤੇ ਉਸ ਦਾ ਸਿਰ ਤੇ ਸ਼ਰਟ ਮਿੱਟੀ ਪਈ ਹੋਈ ਸੀ। ਇਸ ਦੇ ਨਾਲ ਲਾਸ਼ ਦੇ ਕੋਲ ਪੁਲਿਸ ਨੂੰ ਇਕ ਚਮੱਚ,ਚਿੱਟਾ ਪਾਊਡਰ ਅਤੇ ਇੱਕ ਸਿਰੰਜ ( ਟੀਕੇ ਵਾਲੀ ) ਬਰਾਮਦ ਹੋਈ।
ਮਿ੍ਰਤਕ ਜੀਵਨਜੋਤ ਸਿੰਘ ਦੇ ਪਿਤਾ ਸਬ-ਇੰਸਪੈਕਟਰ ਗੁਰਮੀਤ ਸਿੰਘ ( ਬੀਤੀ ਰਾਤ ਹੀ ਥਾਣਾ ਡਵੀਜਨ ਨੰਬਰ-8 ‘ਚ ਮੁੱਖੀ ਵੱਜੋਂ ਤਾਇਨਾਤੀ ਹੋਈ ) ਨੂੰ ਸ਼ੱਕ ਹੈ,ਕਿ ਅਣਪਛਾਤੇ ਬੰਦਿਆਂ ਨੇ ਉਸ ਦੇ ਨੌਜਵਾਨ ਜੀਵਨਜੋਤ ਸਿੰਘ ਨੂੰ ਕੋਈ ਜਹਿਰੀਲਾ ਇੰਜੈਕਸ਼ਨ ਲਾਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੱਸਿਆਂ,ਕਿ ਉਸ ਦੇ 2 ਪੁੱਤਰ ( ਜੀਵਨਜੋਤ ਅਤੇ ਅਮਰਜੋਤ ਸਿੰਘ ) ਹਨ ਅਤੇ ਵੱਡਾ ਪੁੱਤਰ ਜੀਵਨਜੋਤ ਸਿੰਘ ਬੀਤੇ ਕੱਲ 11 ਕੁ ਵਜੇ ਉਸ ਦੀ ਸਿਲਵਰ ਰੰਗ ( ਪੀ.ਬੀ.10 ਡੀ.ਐਨ-0609 ) ਫੋਰਡ ਫੀਗੋ ਕਾਰ ਲੈ ਕੇ ਆਪਣੇ ਦਾਦਾ-ਦਾਦੀ ਨੂੰ ਪਟਿਆਲਾ ਵਿਖੇ ਮਿਲਣ ਲਈ ਕਹਿਕੇ ਗਿਆ ਸੀ। ਜੋ ਦੇਰ ਰਾਤ ਤੱਕ ਨਾ ਤਾਂ ਪਟਿਆਲਾ ਅਤੇ ਨਾ ਹੀ ਲੁਧਿਆਣੇ ਆਪਣੇ ਘਰ ਪਰਤਿਆ। ਉਸ ਨਾਲ ਗੱਲ ਕਰਨ ਲਈ ਕਈ ਦਫਾ ਉਸ ਦੇ ਮੋਬਾਇਲ ਫੋਨ ਐਪਲ ਨੰਬਰ 84276-76934 ‘ਤੇ ਫੋਨ ਕੀਤਾ,ਪਰੰਤੂ ਉਸ ਨੇ ਰਸੀਵ ਨਹੀਂ ਕੀਤਾ ਅਤੇ ਰਾਤ 10 ਵਜੇ ਤੋਂ ਬਾਅਦ ਉਸ ਦਾ ਫੋਨ ਬੰਦ ਆਉਣ ਲੱਗਾ। ਜਿਸ ਦੀ ਅੱਜ ਸ਼ਨੀਵਾਰ ਸਵੇਰੇ ਫੋਰਡ ਫੀਗੋ ‘ਚੋਂ ਲਾਸ਼ ਬਰਾਮਦ ਹੋਈ। ਉਕਤ ਮਾਮਲੇ ਬਾਰੇ ਜਦ ਡੀ.ਐਸ.ਪੀ.ਦਾਖਾ ਜਸਵਿੰਦਰ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਬੰਦਿਆਂ ਵਿਰੁਧ ਕਤਲ ਦਾ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਪੋਸ਼ਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱੱਗ ਸਕੇਗਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ