ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਹੱਤਿਆ,ਮੋਗਾ ਜ਼ਿਲੇ ਦੇ ਪਿੰਡ ਝੰਡੇਆਣਾ ਸ਼ਰਕੀ ਦੇ ਵਾਸੀ ਹਰਤੇਜ ਨੂੰ ਲੁਟੇਰਿਆਂ ਨੇ ਮਾਰੀਆਂ ਗੋਲੀਆਂ

ਮੋਗਾ,12 ਮਈ (ਜਸ਼ਨ)-ਮਨੀਲਾ ਵਿਚ ਰੋਟੀ ਰੋਜ਼ੀ ਕਮਾਉਣ ਲਈ ਦੇਸੋਂ ਪ੍ਰਦੇਸ ਹੋਏ ਪੰਜਾਬੀਆਂ ਦੀ ਕਤਲੋਗਾਰਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਮੋਗਾ ਜ਼ਿਲੇ ਦੇ ਕਈ ਨੌਜਵਾਨ ਬੀਤੇ ਸਮੇਂ ਵਿਚ ਮਨੀਲਾ ਦੇ ਲੁਟੇਰਿਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਮੋਗਾ ਜ਼ਿਲੇ ਦੇ ਪਿੰਡ ਝੰਡੇਆਣਾ ਦੇ ਵਸਨੀਕ 39 ਸਾਲਾ ਹਰਤੇਜ ਸਿੰਘ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੀਤੇ ਕੱਲ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਵਾਪਰੀ । ਮਿਲੀ ਜਾਣਕਾਰੀ ਦੇ ਅਨੁਸਾਰ ਮਨੀਲਾ ਵਿਖੇ ਫਾਇਨਾਂਸ ਦਾ ਕਾਰੋਬਾਰ ਕਰਦੇ ਹਰਤੇਜ ਸਿੰਘ ਤੇਜੀ ਦੀ ਹਮਲਾਵਰਾਂ ਨੇ 7 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਹਮਲੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਹਰਤੇਜ ਦੀ ਹੱਤਿਆ ਮਨੀਲਾ ਤੋਂ 600 ਕਿਲੋਮੀਟਰ ਦੂਰ ਸਾਰਸਗੰਜ ਇਲਾਕੇ ‘ਚ ਹੋਈ। ਇਹ ਵੀ ਪਤਾ ਲੱਗਿਆ ਹੈ ਕਿ ਹਰਤੇਜ ਸਿੰਘ ਛੇ ਮਹੀਨੇ ਪਹਿਲਾਂ ਹੀ ਪਰਿਵਾਰ ਨੂੰ ਮਿਲਣ ਲਈ ਪੰਜਾਬ ਆਇਆ ਸੀ ਅਤੇ ਦੀਵਾਲੀ ਵਾਲੇ ਦਿਨ ਵਾਪਸ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਮਿ੍ਰਤਕ ਦੇ ਭਰਾ ਮਨਮੋਹਣ ਸਿੰਘ (94631-05181) ਨੇ ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਦੇ ਜ਼ਰੀਏ ਮੰਗ ਕੀਤੀ ਕਿ ਲਾਸ਼ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਅਤੇ  ਭਾਰਤ ਸਰਕਾਰ ਵਲੋਂ ਪ੍ਰਬੰਧ ਕੀਤੇ ਜਾਣ ਕਿਉਂਕਿ ਮਿ੍ਰਤਕ ਦੇ ਪਰਿਵਾਰ ਦੀ ਆਰਥਿਕ ਹਾਲਤ ਅਜਿਹੀ ਨਹੀਂ ਕਿ ਉਹ ਲਾਸ਼ ਵਾਪਸ ਲਿਆਉਣ ਦਾ ਖਰਚ ਉਠਾ ਸਕਣ। ਉਹਨਾਂ ਕਿਹਾ ਕਿ ਮਿ੍ਰਤਕ ਦਾ ਪਰਿਵਾਰ ਡੰੂਘੇ ਸਦਮੇਂ ਵਿਚ ਹੈ ਪਰ ਸਿਵਾਏ ਪੱਤਰਕਾਰਾਂ ਦੇ ਅਜੇ ਤੱਕ ਪ੍ਰਸ਼ਾਸਨ ਜਾਂ ਕਿਸੇ ਸਿਆਸੀ ਸ਼ਖਸੀਅਤ ਨੇ ਉਹਨਾਂ ਨਾਲ ਰਾਬਤਾ ਨਹੀਂ ਕੀਤਾ ਹੈ । ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿ੍ਰਤਕ ਹਰਤੇਜ ਸਿੰਘ ਦੀ ਲਾਸ਼ ਨੂੰ ਇੰਡੀਆ ਲਿਆਉਣ ਲਈ ਯਤਨ ਕਰਨ ਤਾਂ ਕਿ ਪਰਿਵਾਰ ਦੇ ਜੀਅ ਹਰਤੇਜ ਨੂੰ ਆਖਰੀ ਵਾਰ ਦੇਖ ਕੇ ਧਰਵਾਸ ਕਰ ਸਕਣ। ਉਹਨਾਂ ਦੱਸਿਆ ਕਿ ਮਿ੍ਰਤਕ ਹਰਤੇਜ ਅਜੇ ਕੁਵਾਰਾ ਸੀ ਤੇ ਉਹ ਮਨੀਲਾ ਵਿਚ ਆਪਣੇ ਭਰਾ ਨਾਲ ਹੀ ਰਹਿ ਰਿਹਾ ਸੀ।  
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ