ਸਿੱਖਿਆ ਵਿਭਾਗ ਵਿਚ ਇਤਿਹਾਸ ਨੂੰ ਅੱਖੋਂ ਪਰੋਖੇ ਕਰਨਾ ਗੁਰੂਆਂ ਅਤੇ ਸੂਰਬੀਰਾਂ ਨਾਲ ਬੇਇਨਸਾਫੀ : ਐਡਵੋਕੇਟ ਕੇ.ਪੀ.ਬਾਵਾ

ਮੋਗਾ, 13 ਮਈ (ਜਸ਼ਨ)-ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜਾਈ ਲਈ ਇਤਿਹਾਸ ਨੂੰ ਜ਼ਰੂਰੀ ਨਹੀਂ ਰੱਖਿਆ। ਇਸ ਤੋਂ ਭਾਵ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲੈ ਕੇ ਉਨਾਂ ਮਹਾਨ ਗੁਰੂਆਂ ਅਤੇ ਸੂਰਬੀਰਾਂ ਨੂੰ ਅੱਖੋਂ ਉਂਹਲੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨਾਂ ਨੇ ਆਪਣੀਆਂ ਜਾਨਾਂ ਤੱਕ ਇਸ ਦੇਸ਼ ਲਈ ਵਾਰੀਆਂ ਅਤੇ ਆਪਣੇ ਪਰਿਵਾਰ ਤੱਕ ਸ਼ਹੀਦ ਕਰਵਾ ਦਿੱਤੇ। ਇਸ ਫੈਸਲੇ ਨਾਲ ਸਾਡੀ ਆਉਣ ਵਾਲੀ ਪੀੜੀ ਜਦੋਂ ਇਨਾਂ ਮਹਾਨ ਵਿਅਕਤੀਆਂ ਬਾਰੇ ਪੜ ਹੀ ਨਹੀਂ ਸਕਣਗੀਆਂ ਤਾਂ ਇਸ ਦੇਸ਼ ਦੀ ਸਿਰਜਣਾ ਬਾਰੇ ਉਨਾਂ ਨੂੰ ਹੀ ਪਤਾ ਲੱਗੇਗਾ ਅਤੇ ਅਜਿਹਾ ਕਰਨ ਨਾਲ ਸਾਡੀਆਂ ਸਰਕਾਰਾਂ ਵੱਲੋਂ ਉਨਾਂ ਗੁਰੂਆਂ ਅਤੇ ਸੂਰਬੀਰਾਂ ਨਾਲ ਵੱਡੀ ਬੇਇਨਸਾਫੀ ਵੀ ਹੋਵੇਗੀ। ਇਹ ਵਿਚਾਰ ਐਡਵੋਕੇਟ ਕੇ.ਪੀ. ਬਾਵਾ ਪ੍ਰਧਾਨ ਲੋਕ ਸੇਵਾ ਸੰਗਠਨ ਪੰਜਾਬ ਨੇ ਆਪਣੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਭਾਰਤ ਸਰਕਾਰ ਨੂੰ ਲਿਖਤੀ ਰੂਪ ਵਿਚ ਭੇਜੇ। ਉਨਾਂ ਕਿਹਾ ਕਿ ਸਾਡੇ ਇਹੀ ਲੀਡਰ ਸਾਡੇ ਮਹਾਨ ਗੁਰੂਆਂ ਦੀ ਯਾਦ ਵਿਚ ਕਰਵਾਏ ਗੁਰਪੁਰਬਾਂ ਅਤੇ ਸ਼ਹੀਦੀ ਦਿਨਾਂ ਤੇ ਬੋਲਦੇ ਕਹਿੰਦੇ ਹਨ ਕਿ ਗੁਰੂਆਂ ਅਤੇ ਸੂਰਬੀਰਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਜਿੰਦਾ ਹਾਂ ਅਤੇ ਸਾਡੀ ਕੌਮ ਜਿੰਦਾ ਹੈ। ਸਾਡੇ ਸ਼ਹੀਦ ਸਾਡਾ ਬਹੁੁਮੁੱਲਾ ਸਰਮਾਇਆ ਹਨ, ਜੋ ਲੋਕ ਇਨਾਂ ਸੂਰਬੀਰਾਂ ਨੂੰ ਭੁੱਲ ਜਾਂਦੇ ਹਨ ਤਾਂ ਉਹ ਕੌਮਾਂ ਲੰਬਾ ਸਮਾਂ ਜਿੰਦਾ ਨਹੀਂ ਰਹਿ ਸਕਦੀਆਂ। ਦੂਸਰੇ ਪਾਸੇ ਚੀਨੀ ਭਾਸ਼ਾ ਨੂੰ ਤਰਜੀਹ ਦੇ ਕੇ ਅਸੀਂ ਆਪਣੇ ਇਹਿਤਾਸ ਨੂੰ ਭੁੱਲ ਜਾਈਏ ਇਹ ਸਾਡੀ ਸਰਕਾਰ ਦਾ ਫੈਸਲਾ ਨਿੰਦਣਯੋਗ ਹੈ। ਸਾਡੇ ਇਤਿਹਾਸ ਤੇ ਪੂਰੀ ਦੁਨੀਆਂ ਨੂੰ ਮਾਣ ਹੈ, ਫਿਰ ਅਸੀਂ ਇਸ ਇਤਿਹਾਸ ਨੂੰ ਲਾਜ਼ਮੀ ਵਿਸ਼ਾ ਨਾ ਮੰਨੀਏ ਤਾਂ ਇਹ ਸਾਡੀ ਭੁੱਲ ਹੈ ਪੰਜਾਬ ਸਰਕਾਰ ਨੂੰ ਇਸ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।