ਐਸ.ਐਚ.ਓ ਬਾਜਵਾ ਦੀ ਗਿ੍ਰਫਤਾਰੀ ਕਾਨੂੰਨ ਨਾਲ ਮਜ਼ਾਕ- ਨਸੀਬ ਬਾਵਾ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ

ਮੋਗਾ,14 ਮਈ(ਜਸ਼ਨ):- ਪਿਛਲੇ ਦਿਨੀਂ ਸ਼ਾਹਕੋਟ ਹਲਕਾ ਵਿਖੇ ਤਾਇਨਾਤ ਐਸ.ਐਚ.ਓ ਬਾਜਵਾ, ਜਿਸ ਨੇ ਸਟਿੰਗ ਅਪਰੇਸ਼ਨ ਤੋਂ ਬਾਅਦ ਇੱਕ ਕਾਂਗਰਸੀ ਨੇਤਾ ਤੇ ਪਰਚਾ ਦਰਜ ਕੀਤਾ ਸੀ, ਉਸ ਕਾਂਗਰਸੀ ਨੇਤਾ ਦੇ ਖਿਲਾਫ ਕਾਰਵਾਈ ਦੀ ਬਜਾਏ ਐਸ.ਐਚ.ਓ ਨੂੰ ਹੀ ਗਿ੍ਰਫਤਾਰ ਕਰਨਾ ਇੱਕ ਮੰਦਭਾਗੀ ਘਟਨਾ ਹੈ। ਪੰਜਾਬ ਸਰਕਾਰ ਨੇ ਅਜਿਹਾ ਕਰਕੇ ਕਾਨੂੰਨ ਨਾਲ ਮਜ਼ਾਕ ਹੀ ਨਹੀਂ ਕੀਤਾ ਸਗੋਂ ਪੰਜਾਬ ਦੀ ਕਾਰਜਕਾਰਨੀ ਤੇ ਅਜ਼ਾਦ ਤੌਰ ਤੇ ਕੰਮ ਕਰਨ ਦੀ ਪ੍ਰਕਿਰਿਆ ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਅਤੇ ਅੱਗੇ ਤੋਂ ਵੀ ਕਾਰਜਕਾਰਨੀ ਤੇ ਅਜਿਹਾ ਚੈੱਕ ਲਗਾ ਦਿੱਤਾ ਹੈ ਕਿ ਉਹ ਅਜ਼ਾਦਦਾਨਾ ਤੌਰ ਤੇ ਸਰਕਾਰ ਦੇ ਕਿਸੇ ਨੇਤਾ ਦੇ ਖਿਲਾਫ ਕੋਈ ਕਾਰਵਾਈ ਨਾ ਕਰੇ ਨਹੀਂ ਤਾਂ ਉਸ ਅਫਸਰ ਨੂੰ ਵੀ ਅਜਿਹੇ ਨਤੀਜੇ ਭੁਗਤਣੇ ਪੈ ਸਕਦੇ ਹਨ, ਜੋ ਐਸ.ਐਚ.ਓ ਬਾਜਵਾ ਨੂੰ ਭੁਗਤਨੇ ਪੈ ਰਹੇ ਹਨ। ਇਸ ਸਬੰਧੀ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਪੂਰੇ ਦੇਸ਼ ਵਿੱਚ ਅਜਿਹਾ ਵਾਤਾਵਰਨ ਬਣਾਇਆ ਜਾਵੇ ਕਿ ਸਰਕਾਰ ਭਾਵੇਂ ਕੋਈ ਵੀ ਬਣੇ ਪ੍ਰੰਤੂ ਕਾਰਜਕਾਰਨੀ ਦੇਸ਼ ਵਿੱਚ ਆਜ਼ਾਦ ਤਰੀਕੇ ਨਾਲ ਕੰਮ ਕਰਦੀ ਰਹੇ ਕਿਉਂਕਿ ਜੇਕਰ ਰਾਜਨੀਤਿਕ ਲੋਕਾਂ ਦੀ ਪ੍ਰਸਾਸ਼ਨ ਵਿੱਚ ਦਖਲ ਅੰਦਾਜੀ ਇੱਕ ਸੀਮਾਂ ਪਾਰ ਕਰ ਗਈ ਤਾਂ ਸਾਡੇ ਦੇਸ਼ ਦਾ ਲੋਕਤੰਤਰਿਕ ਢਾਂਚਾ ਫਿਰ ਗੁਲਾਮੀ ਵੱਲ ਚਲਣਾ ਸ਼ੁਰੂ ਕਰ ਦੇਵੇਗਾ, ਜਿਸ ਦੇ ਨਿਸ਼ਾਨ ਅੱਜ ਹਰ ਇੱਕ ਰਾਜ ਵਿੱਚ ਨਜ਼ਰ ਆਉਣ ਲੱਗ ਪਏ ਹਨ, ਗੁਲਾਮੀ ਗੁਲਾਮੀ ਹੈ ਭਾਵੇਂ ਉਹ ਵਿਦੇਸ਼ੀ ਸਰਕਾਰ ਦੀ ਹੋਵੇ ਜਾਂ ਸਾਡੇ ਚੁਣੇ ਹੋਏ ਰਾਜਨੀਤਕ ਲੋਕਾਂ ਦੀ ਹੋਵੇ। ਸ਼੍ਰੀ ਬਾਵਾ ਨੇ ਮੰਗ ਕੀਤੀ ਹੈ ਕਿ ਐਸ.ਐਚ.ਓ ਬਾਜਵਾ ਵੱਲੋਂ ਦਰਜ ਐਫ.ਆਈ.ਆਰ ਦੀ ਕਿਸੇ ਈਮਾਨਦਾਰ ਅਫ਼ਸਰ ਤੋਂ ਇਨਕੁਆਰੀ ਕਰਾਈ ਜਾਵੇ ਅਤੇ ਜਿਸ ਵੀ ਵਿਅਕਤੀ ਦੀ ਕੋਈ ਗਲਤੀ ਹੈ ਉਸ ਨੂੰ ਯੋਗ ਸਜ਼ਾ ਦਿੱਤੀ ਜਾਵੇ, ਭਾਵੇਂ ਉਹ ਰਾਜਨੀਤਿਕ ਨੇਤਾ ਹੋਵੇ ਤੇ ਜਾਂ ਫਿਰ ਐਸ.ਐਚ.ਓ ਬਾਜਵਾ ਪ੍ਰੰਤੂ ਜਿਸ ਤਰੀਕੇ ਨਾਲ ਐਸ.ਐਚ.ਓ ਬਾਜਵਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਪੰਜਾਬ ਇਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਇਸ ਦੀ ਨਿਰਪੱਖ ਜਾਂਚ ਦੀ ਮੰਗ ਵੀ ਕਰਦੀ ਹੈ।


