ਕਾਰ ਸਵਾਰ ਵੱਲੋਂ ਮਾਰੀ ਟੱਕਰ ਕਾਰਨ 16 ਸਾਲਾ ਨੌਜਵਾਨ ਦੀ ਮੌਤ, ਮਾਂ ਗੰਭੀਰ ਜ਼ਖਮੀ

ਮੋਗਾ, 15 ਮਈ (ਜਸ਼ਨ): ਮੋਗਾ ਦੇ ਪਿੰਡ ਸੋਸਣ ਨੇੜੇ ਇਕ ਕਾਰ ਸਵਾਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਫੇਟ ਕਾਰਨ 16 ਸਾਲਾ ਨੌਜਵਾਨ ਲੜਕੇ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਜ਼ੇਰੇ ਇਲਾਜ਼ ਹੈ। ਇਹ ਘਟਨਾ 13 ਮਈ ਨੂੰ ਵਾਪਰੀ ਜਦੋਂ ਕਮਲਜੀਤ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਸੋਸਣ ਆਪਣੀ ਮਾਤਾ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਪੱਖੋ ਕੈਂਚੀਆਂ ਤੋਂ ਆਪਣੇ ਪਿੰਡ ਸੋਸਣ ਜਾ ਰਿਹਾ ਸੀ। ਇਸ ਦੌਰਾਨ ਪਿੰਡ ਕੋਰੇਵਾਲਾ ਨੇੜੇ ਤੇਜ਼ ਰਫਤਾਰ ਕਾਰ ਸਵਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਨੇ ਗੰਭੀਰ ਜ਼ਖਮੀ ਹੋ ਗਏ । ਕਾਰ ਇਨੀ ਤੇਜ਼ ਸੀ ਕਿ ਟੱਕਰ ਉਪਰੰਤ ਕਾਰ ਸਵਾਰ ਕਾਰ ’ਤੇ ਸੰਤੁਲਨ ਗਵਾ ਬੈਠਾ ਅਤੇ ਕਾਰ ਸੜਕ ਤੋਂ ਉਤਰ ਕੇ ਪਲਟ ਗਈ ਤੇ ਫਿਰ ਸਿੱਧੀ ਹੋ ਗਈ । ਕਾਰ ਸਵਾਰ ਨੇ ਪਹਿਲਾਂ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਖੇਤਾਂ ਵਿਚੋਂ ਕਾਰ ਬਾਹਰ ਨਹੀਂ ਆ ਸਕੀ ਤੇ ਫਿਰ ਉਸ ਨੇ ਕਾਰ ’ਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜਾ ਜਾਂਦਾ ਉਹ ਦੋ ਵਾਰ ਡਿੱਗਿਆ ਵੀ । ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਰਾਹਗੀਰਾਂ ਨੇ ਡਰਾਈਵਰ ਨੂੰ ਫੜ ਲਿਆ ਜਿਸ ਭਾਰੀ ਮਾਤਰਾ ਵਿਚ ਨਸ਼ਾ ਕੀਤਾ ਹੋਇਆ ਸੀ ਪਰ ਥਾਣਾ ਸਦਰ ਵੱਲੋਂ ਕਾਰ ਸਵਾਰ ਦੀ ਗਿ੍ਰਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਲੜਕੇ ਅਤੇ ਉਸ ਦੀ ਦੀ ਮਾਤਾ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਗੰਭੀਰ ਹਾਲਤ ਵਿਚ ਦਾਖਲ ਕਰਵਾਇਆ ਗਿਆ ਜਿਥੇ ਕਮਲਜੀਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਡੀ ਐੱਮ ਸੀ ਲੁਧਿਆਣਾ ਲਈ ਰੈਫਰ ਕਰ ਦਿੱਤਾ ਜਿਥੇ ਬੀਤੀ ਰਾਤ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕਮਲਜੀਤ ਸਿੰਘ ਦਮ ਤੋੜ ਗਿਆ। ਜ਼ਿਕਰਯੋਗ ਹੈ ਕਿ ਕਮਲਜੀਤ ਦਾ ਪਿਤਾ ਬਿੱਟੂ ਸਿੰਘ ਦੋਹਾ ਕਤਰ ਵਿਖੇ ਰੋਟੀ ਰੋਜ਼ੀ ਦੀ ਤਲਾਸ਼ ਲਈ ਗਿਆ ਹੋਇਆ ਹੈ ਅਤੇ ਇਹਨਾਂ ਦੇ ਰਿਸ਼ਤੇਦਾਰ ਹੈਦਰਾਬਾਦ ਤੋਂ 16 ਮਈ ਨੂੰ ਮੋਗਾ ਪਹੰੁਚਣਗੇ ਜਿਸ ਉਪਰੰਤ ਕਮਲਜੀਤ ਦਾ ਪੋਸਟ ਮਾਰਟਮ ਕੀਤਾ ਜਾਵੇਗਾ ਕਿਉਂਕਿ ਕਮਲਜੀਤ ਦੀ ਮਾਤਾ ਦੀ ਗੰਭੀਰ ਹਾਲਤ ਕਰਕੇ ਉਸ ਨੂੰ ਉਸ ਦੇ ਪੁੱਤਰ ਕਮਲਜੀਤ ਦੀ ਮੌਤ ਬਾਰੇ ਅਜੇ ਨਹੀਂ ਦੱਸਿਆ ਗਿਆ । ਪੁਲਿਸ ਨੇ ਮੌਕੇ ਤੋਂ ਫਰਾਰ ਹੋਏ ਡਰਾਈਵਰ ਖਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਇਹ ਵੀ ਵਰਣਨਯੋਗ ਹੈ ਕਿ ਕਮਲਜੀਤ ਗੁਰੂ ਹਰਿ ਰਾਏ ਸਾਹਿਬ ਪਬਲਿਕ ਸਕੂਲ ਡਗਰੂ ਵਿਖੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਹ ਹਰ ਤਰਾਂ ਦੀ ਦਸਤਾਰ ਸਜਾਉਣ ਦਾ ਮਾਹਿਰ ਸੀ ,ਹੋਰ ਤਾਂ ਹੋਰ ਉਹ ਸੀਨੀਅਰ ਪੱਤਰਕਾਰ ਰਛਪਾਲ ਸਿੰਘ ਸੋਸਣ ਤੋਂ ਬਕਾਇਦਾ ਕਵੀਸ਼ਰੀ ਦੀ ਸਿੱਖਿਆ ਵੀ ਲੈ ਰਿਹਾ ਸੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


