ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਵੱਲੋਂ ਹਰੀਕੇ ਹੈੱਡ ਵਰਕਸ, ਸਰਹਿੰਦ ਫੀਡਰ ਅਤੇ ਫ਼ਿਰੋਜ਼ਪੁਰ ਫੀਡਰ ਨਹਿਰਾਂ ਦਾ ਦੌਰਾ

ਫ਼ਿਰੋਜ਼ਪੁਰ,17 ਮਈ:(ਪੰਕਜ ਕੁਮਾਰ) ਅਬੋਹਰ ਅਤੇ ਫ਼ਾਜ਼ਿਲਕਾ ਇਲਾਕਿਆਂ ਦੇ ਨਰਮਾ ਕਿਸਾਨਾਂ ਨੂੰ ਗਰਮੀ ਦੇ ਸੀਜ਼ਨ ਦੌਰਾਨ ਲੋੜੀਂਦਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾਲ ਆਵੇ। ਇਹ ਪ੍ਰਗਟਾਵਾਂ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਆਈ.ਏ.ਐੱਸ. ਨੇ ਹਰੀ ਕੇ ਹੈੱਡ ਵਰਕਸ, ਗੁਰਦਿੱਤੀ ਵਾਲਾ ਹੈੱਡ ਤੋਂ ਇਲਾਵਾ ਫ਼ਿਰੋਜ਼ਪੁਰ ਫੀਡਰ ਅਤੇ ਸਰਹਿੰਦ ਫੀਡਰ ਨਹਿਰਾਂ ਦਾ ਦੌਰਾ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਜਗਮੋਹਨ ਸਿੰਘ ਮਾਨ ਚੀਫ਼ ਇੰਜੀਨੀਅਰ ਸਿੰਚਾਈ ਵਿਭਾਗ ਪੰਜਾਬ ਵੀ ਹਾਜ਼ਰ ਸਨ। ਸ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਅਬੋਹਰ, ਫ਼ਾਜ਼ਿਲਕਾ ਖੇਤਰਾਂ ਦੇ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਪਿਛਲੇ ਸਮੇਂ ਤੋਂ ਨਰਮੇ ਦੀ ਸਿੰਚਾਈ ਲਈ ਲੋੜੀਂਦਾ ਨਹਿਰੀ ਪਾਣੀ ਨਾ ਮਿਲਣ ਕਾਰਨ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਨਾਲ ਉਨ੍ਹਾਂ ਦੀ ਨਰਮੇ ਦੀ ਫ਼ਸਲ ਤੇ ਮਾੜਾ ਪ੍ਰਭਾਵ ਪੈ ਰਿਹਾ ਸੀ ਜਿਸ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਅੱਜ ਇਹ ਵਿਸ਼ੇਸ਼ ਦੌਰਾ ਕੀਤਾ ਗਿਆ। ਸ੍ਰੀ ਪੰਨੂ ਨੇ ਕਿਹਾ ਕਿ ਨਰਮਾ ਪੱਟੀ ਦੇ ਕਿਸਾਨਾਂ ਲਈ ਸਿੰਚਾਈ ਲਈ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਵੇਗੀ।

ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਹਿੰਦ ਫੀਡਰ ਨਹਿਰ ਤੇ ਕਿਸਾਨਾਂ ਵਾਸਤੇ ਸਿੰਚਾਈ ਲਈ  ਲਗਾਏ ਗਏ ਲਿਫ਼ਟ ਪੰਪ ਵੀ ਸਿਰਫ਼ ਝੋਨੇ ਦੀ ਬਿਜਾਈ ਸਮੇਂ ਹੀ ਚਲਾਏ ਜਾਣ ਤਾਂ ਜੋ ਨਰਮਾ ਪੱਟੀ ਦੇ ਕਿਸਾਨਾਂ ਨੂੰ ਲੋੜ ਅਨੁਸਾਰ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਰਮਾ ਪੱਟੀ ਦੇ ਕਿਸਾਨਾਂ ਨੂੰ ਲੋੜੀਂਦਾ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਸ੍ਰੀ ਐੱਚ.ਐੱਸ. ਚਾਹਲ ਐੱਸ.ਸੀ. ਸਿੰਚਾਈ ਵਿਭਾਗ, ਸ੍ਰੀ ਆਰ.ਕੇ. ਗੁਪਤਾ ਐੱਸ.ਸੀ., ਸ. ਮੁਖ਼ਤਿਆਰ ਸਿੰਘ ਰਾਣਾ ਐਕਸੀਅਨ, ਸ. ਹਾਕਮ ਸਿੰਘ ਐਕਸੀਅਨ ਹਰੀ ਕੇ ਡਵੀਜ਼ਨ ਤੋਂ ਇਲਾਵਾ ਸਿੰਚਾਈ ਵਿਭਾਗ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।