ਬਾਬਾ ਗੱਜਣ ਸਿੰਘ ਸੁਸਾਇਟੀ ਵੱਲੋਂ ਲਾਏ ਪਲੇਠੇ ਖੂਨਦਾਨ ਕੈਂਪ ਦੌਰਾਨ 28 ਯੂਨਿਟ ਖੂਨ ਇਕੱਤਰ

ਕੋਟਕਪੂਰਾ, 18 ਮਈ (ਟਿੰਕੂ ਪਰਜਾਪਤੀ) :- ਸਥਾਨਕ ਬਠਿੰਡਾ ਸੜਕ ’ਤੇ ਸਥਿੱਤ ਕੋਠੇ ਗੱਜਣ ਸਿੰਘ ਵਾਲੇ ਵਿਖੇ ਬਾਬਾ ਗੱਜਣ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਅਤੇ ਖਜਾਨਚੀ ਦਰਸ਼ਨ ਸਿੰਘ ਦੀ ਅਗਵਾਈ ਹੇਠ ਲਾਏ ਗਏ ਪਲੇਠੇ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦਾ 28 ਯੂਨਿਟ ਖੂਨ ਬਲੱਡ ਬੈਂਕ ਸਿਵਲ ਹਸਪਤਾਲ ਕੋਟਕਪੂਰਾ ਦੀ ਟੀਮ ਨੇ ਇਕੱਤਰ ਕੀਤਾ। ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਪੈ੍ਰਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕੈਂਪ ਦਾ ਉਦਘਾਟਨ ਕਰਨ ਉਪਰੰਤ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਆਖਿਆ ਕਿ ਅੱਜ ਸਮਾਜ ’ਚ ਆਈ ਗਿਰਾਵਟ ਕਾਰਨ ਸਾਡਾ ਨੌਜਵਾਨ ਤਬਕਾ ਕੁਰਾਹੇ ਪੈ ਰਿਹਾ ਹੈ, ਜਿਸ ਕਰਕੇ ਅਜਿਹੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਕੁਰਾਹੇ ਪੈਣ ਵਾਲੇ ਨੌਜਵਾਨਾਂ ਤੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣਾ ਪਹਿਲੀ ਲੋੜ ਹੈ। ਪੀ ਬੀ ਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਸਕੱਤਰ ਗੌਰਵ ਗਲਹੋਤਰਾ ਨੇ ਖੂਨਦਾਨ ਕਰਨ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰ ਸਹਿਤ ਜਿਕਰ ਕੀਤਾ। ਪੈ੍ਰਸ ਕਲੱਬ ਦੇ ਸਾਬਕਾ ਪ੍ਰਧਾਨ ਮੋਹਰ ਗਿੱਲ ਸਮੇਤ 28 ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬਾਬਾ ਗੱਜਣ ਸਿੰਘ ਦੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਦਾ ਜ਼ਿਕਰ ਕਰਦਿਆਂ ਜਸਕਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਪਰਿਵਾਰ ਨੇ ਸਮਾਜਸੇਵੀ, ਧਾਰਮਿਕ, ਵਿਦਿਅਕ, ਸੱਭਿਆਚਾਰਕ, ਮੈਡੀਕਲ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ’ਚ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ ਹੈ। ਬਾਬਾ ਗੱਜਣ ਸਿੰਘ ਵੈਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਮੁੱਖ ਮਹਿਮਾਨ ਸਮੇਤ ਦਾਨੀ ਸੱਜਣਾ, ਸਹਿਯੋਗੀਆਂ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਿਰਭੈ ਸਿੰਘ, ਗੁਰਦੀਪ ਸਿੰਘ, ਅਮਰਦੀਪ ਸਿੰਘ ਦੀਪਾ ਸਮੇਤ ਵੈਲਫੇਅਰ ਸੁਸਾਇਟੀ ਅਤੇ ਵੈਲਫੇਅਰ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।