ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

ਧਰਮਕੋਟ 19 ਮਈ (ਰਾਜਵਿੰਦਰ ਸਿੰਘ): ਮੋਗਾ ਜ਼ਿਲ੍ਹਾ  ਦੇ ਪਿੰਡ ਦੌਲੇਵਾਲਾ ਵਿਖੇ ਬੀਤੀ ਦੇਰ ਸ਼ਾਮ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ ਮਿਲੀ ਜਾਣਕਾਰੀ ਮੁਤਾਬਕ  ਗੁਰਪ੍ਰੀਤ ਸਿੰਘ (26 ਸਾਲ) ਪੁੱਤਰ ਰਛਪਾਲ ਸਿੰਘ ਪਿੰਡ ਸ਼ੇਰੋਂ ਜੋ ਕਿ ਮੋਬਾਇਲ ਟਾਵਰ ’ਤੇ ਡਿੳੂਟੀ ਕਰਦਾ ਸੀ ਬੀਤੀ  ਸ਼ਾਮ ਆਪਣੇ ਇਕ ਸਾਥੀ ਜੁਗਰਾਜ ਸਿੰਘ (14 ਸਾਲ) ਨਾਲ ਕਿਸੇ ਕੰਮ ਜ਼ੀਰਾ ਇਲਾਕੇ ਵਿਚ ਆਇਆ ਹੋਇਆ ਸੀ ਅਤੇ ਜਦੋਂ ਉਹ ਵਾਪਸ ਮੋਟਰਸਾਈਕਲ ਉੱਪਰ ਘਰ ਨੂੰ ਜਾ ਰਹੇ ਸਨ ਤਾਂ ਪਿੰਡ ਦੌਲੇਵਾਲਾ ਕੋਲ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।   ਸਹਾਇਕ ਥਾਣੇਦਾਰ ਥਾਣਾ ਫਤਹਿਗੜ੍ਹ ਪੰਜਤੂਰ ਜਸਵੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।