ਕਰਨਾਟਕਾ ਵਿਚ ਯੇਦੀਯੁਰੱਪਾ ਦੇ ਅਸਤੀਫੇ ਨਾਲ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਹੋਈ ਜਿੱਤ, ਭਾਜਪਾ ਦੀ ਸੌੜੀ ਨੀਤੀ ਦੀ ਹੋਈ ਹਾਰ : ਵਿਨੋਦ ਬਾਂਸਲ

ਮੋਗਾ,20 ਮਈ (ਜਸ਼ਨ): ਕਰਨਾਟਕਾ ਵਿਧਾਨ ਸਭਾ ਵਿਚ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਬਹੁਮਤ ਹਾਸਲ ਨਾ ਹੋਣ ਅਤੇ ਉਨਾਂ ਵੱਲੋਂ ਦਿੱਤੇ ਅਸਤੀਫੇ ਨਾਲ ਸੰਵਿਧਾਨ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਜਿੱਤ ਹੋਈ ਹੈ, ਜਦਕਿ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਤੰਤਰ ਦੇ ਘਾਣ ਕਰਨ ਦੀ ਨੀਤੀ ਦੀ ਕਰਾਰੀ ਹੋਈ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਆਰ.ਐਸ.ਐਸ. ਦੇ ਇਸ਼ਾਰੇ ਤੇ ਕਰਨਾਟਕਾ ਦੇ ਗਵਰਨਰ ਨੇ ਲੋਕਤੰਤਰਿਕ ਮਰਿਆਦਾਵਾਂ ਦੀ ਪ੍ਰਵਾਹ ਨਾ ਕਰਦਿਆਂ ਜਾਣ ਬੁੱਝ ਕੇ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਵਜੋਂ ਸੁਹੁੰ ਚੁਕਾਈ ਅਤੇ 15 ਦਿਨ ਦਾ ਸਮਾਂ ਬਹੁਮਤ ਸਿੱਧ ਕਰਨ ਲਈ ਦਿੱਤਾ ਤਾਂ ਕਿ ਉਹ ਕਾਂਗਰਸ ਅਤੇ ਜਨਤਾ ਦਲ ਦੇ ਵਿਧਾਇਕਾਂ ਦੀ ਖ੍ਰੀਦੋ ਫਰੋਖਤ ਕਰ ਸਕਣ। ਇੰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਵਲੋਂ ਲੋਕਤੰਤਰਿਕ ਸੰਸਥਾਵਾਂ ਨੂੰ ਤੋੜਨ ਦੀ ਨੀਤੀ ਖੁੱਲ ਕੇ ਸਾਹਮਣੇ ਆ ਗਈ ਹੈ। ਬਾਂਸਲ ਨੇ ਕਿਹਾ ਕਿ ਭਾਜਪਾ ਵੱਲੋਂ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਖ੍ਰੀਦਣ ਦੀ ਕੋਸ਼ਿਸ਼ ਅਤੇ ਅੱਜ ਕਰਨਾਟਕਾ ਵਿਧਾਨ ਸਭਾ ਵਿਚ ਚੱਲ ਰਹੀ ਕਾਰਵਾਈ ਦੌਰਾਨ ਹਰ ਭਾਰਤੀ ਗਵਾਹ ਬਣਿਆ ਹੈ ਅਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਮੁੁਖੀ ਨਰਿੰਦਰ ਮੋਦੀ ਦੀ ਸੌੜੀ ਸੋਚ ਮੁਤਾਬਿਕ ਦੇਸ਼ ਵਿਚ ਹੁਣ ਅਫਰਾ ਤਫਰੀ ਵਾਲਾ ਮਾਹੌਲ ਨਹੀਂ ਸਿਰਜਿਆ ਜਾ ਸਕੇਗਾ ਅਤੇ ਲੋਕ 2019 ਵਿਚ ਲੋਕ ਸਭਾ ਚੌਣਾਂ ਦੌਰਾਨ ਮੁੜ ਤੋਂ ਦੇਸ਼ ਦੀ ਸੱਤਾ ਕਾਂਗਰਸ ਦੇ ਹੱਥ ਸੌਂਪਣਗੇ ਅਤੇ ਆਜ਼ਾਦੀ ਦੀ ਲੜਾਈ ਵਿਚੋਂ ਉੱਪਜੀ ਦੇਸ਼ ਭਗਤਾਂ ਦੀ ਪਾਰਟੀ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿਚ ਮੁੜ ਤੋਂ ਦੇਸ਼ ਨੂੰ ਸਦਭਾਵਨਾ ਦਾ ਮਾਹੌਲ ਪ੍ਰਦਾਨ ਕਰਦਿਆਂ ਸੁਨਹਿਰੀ ਭਵਿੱਖ ਸਿਰਜਣ ਵਿਚ ਸਫਲ ਹੋਵੇਗੀ। ਉਨਾਂ ਕਿਹਾ ਕਿ ਨਿਆਂ ਪਾਲਿਕਾ ਨੇ ਇਕ ਵਾਰ ਫੇਰ ਦੇਸ਼ ਨੂੰ ਕਠਪੁਤਲੀ ਸਮਝਣ ਵਾਲਿਆਂ ਦੀਆਂ ਚਾਲਾਂ ਨੂੰ ਨਾਕਾਮ ਕੀਤਾ ਹੈ ਅਤੇ ਲੋਕਤੰਤਰ ਦੀ ਰਾਖੀ ਕਰਕੇ ਆਪਣੇ ਫਰਜ਼ ਨਿਭਾਏ ਹਨ। 
 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ