ਏ.ਡੀ.ਸੀ. ਡਾ. ਰਿਚਾ ਵੱਲੋਂ ਜਨ-ਔਸ਼ਧੀ ਕੇਂਦਰ ਅਤੇ ਫਿਜੀਓਥਰੈਪੀ ਸੈਂਟਰ ਦਾ ਦੌਰਾ

ਫ਼ਿਰੋਜ਼ਪੁਰ, 19 ਮਈ  (ਪੰਕਜ ਕੁਮਾਰ ) ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਵੱਲੋਂ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਜਨ-ਔਸ਼ਧੀ ਕੇਂਦਰ ਤੇ ਫਿਜੀਓਥਰੈਪੀ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਨ ਔਸ਼ਧੀ ਕੇਂਦਰ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਬਾਰੇ ਜਾਣਕਾਰੀ ਲਈ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਕਿ ਉਹ ਮਰੀਜ਼ਾਂ ਲਈ ਵੱਧ ਤੋਂ ਵੱਧ ਦਵਾਈਆਂ ਜਨ-ਔਸ਼ਧੀ ਕੇਂਦਰ ਤੋਂ ਹੀ ਲੈਣ ਲਈ ਸਿਫ਼ਾਰਸ਼ ਕਰਨ ਤਾਂ ਜੋ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਦਿੱਤੀਆਂ ਜਾ ਸਕਣ।  ਉਨ੍ਹਾਂ ਕਿਹਾ ਕਿ ਜਨ-ਔਸ਼ਧੀ ਕੇਂਦਰ ਵਿੱਚ ਮਿਲਣ ਵਾਲੀਆਂ ਦਵਾਈਆਂ ਆਮ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੀਆਂ ਦਵਾਈਆਂ ਤੋਂ ਬਹੁਤ ਸਸਤੀਆਂ ਹਨ ਜਦਕਿ ਮਰੀਜ਼ਾਂ ਨੂੰ ਇਸ ਦਾ ਫ਼ਾਇਦਾ ਉਸਦੇ ਬਰਾਬਰ ਹੀ ਹੁੰਦਾ ਹੈ।

ਉਨ੍ਹਾਂ ਫਿਜੀਓਥਰੈਪੀ ਸੈਂਟਰ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਵੀ ਜਾਇਜ਼ਾ ਲਿਆ ਅਤੇ ਸਾਂਝੀ ਰਸੋਈ ਵਿੱਚ ਦਿੱਤੇ ਜਾ ਰਹੇ ਖਾਣੇ ਦੀ ਵੀ ਚੈਕਿੰਗ ਕੀਤੀ। ਇਸ ਉਪਰੰਤ ਉਨ੍ਹਾਂ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਬਣਾਈ ਜਾ ਰਹੀ ਬਿਲਡਿੰਗ ਦੀ ਉਸਾਰੀ ਦਾ ਵੀ ਜਾਇਜ਼ਾ ਲਿਆ ਤੇ ਵਿਭਾਗ ਨੂੰ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ।  ਇਸ ਮੌਕੇ ਸਹਾਇਕ ਕਮਿਸ਼ਨਰ (ਜਨ.) ਸ੍ਰ. ਰਣਜੀਤ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ, ਡਾ. ਰਾਮੇਸ਼ਵਰ ਸਿੰਘ, ਸੁਨੀਲ ਕੁਮਾਰ ਆਦਿ ਵੀ ਹਾਜ਼ਰ ਸਨ।