ਮੰਡੀਰਾਂ ਰੋਡ ਮੁਗਲੁ ਕੀ ਪੱਤੀ ਬਾਘਾਪੁਰਾਣਾ ਦਾ ਤਾਰੇ ਵਾਲਾ ਛੱਪੜ ਦੇ ਰਿਹਾ ਹੈ ਬੀਮਾਰੀਆਂ ਨੂੰ ਸੱਦਾ

ਬਾਘਾਪੁਰਾਣਾ,21 ਮਈ (ਜਸਵੰਤ ਗਿੱਲ)-ਸਥਾਨਕ ਸ਼ਹਿਰ ਦੇ ਮੰਡੀਰਾਂ ਰੋਡ ਮੁਗਲੁ ਕੀ ਪੱਤੀ ਤਾਰੇ ਵਾਲਾ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮੌਜੂਦਾ ਸਰਕਾਰ ਵੱਲੋਂ ਕੋਈ ਹੱਲ ਨਾ ਕਰਨ ਕਰਕੇ ਲੋਕਾਂ ਨੇ ਅੱਜ ਇਸ ਸਮੱਸਿਆਂ ਨੂੰ ਵਿਰੋਧੀ ਧਿਰ ਪਾਰਟੀ ਆਮ ਆਦਮੀ ਦੇ ਜ਼ਿਲ੍ਹਾ ਅਤੇ ਹਲਕਾ ਆਗੂਆਂ ਸਾਹਮਣੇ ਰੱਖਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਗੰਦੇ ਪਾਣੀ ਨਾਲ ਭਰਿਆ ਇਹ ਛੱਪੜ ਹਰ ਸਮੇਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਗੰਦੇ ਪਾਣੀ ਦੀ ਬਦਬੂ ਕਾਰਨ ਉਨ੍ਹਾਂ ਦਾ ਇੱਥੇ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਬਿਰਜੂ ਬਾਵਰਾ ਨੇ ਦੱਸਿਆ ਕਿ ਇਸ ਛੱਪੜ ਦੇ ਗੰਦੇ ਪਾਣੀ ਕਾਰਨ ਫੈਲ ਰਹੀਆਂ ਬੀਮਾਰੀਆਂ ਤੋਂ ਕਈ ਲੋਕਾਂ ਅਤੇ ਪਸ਼ੂਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਆਏ ਦਿਨ ਪਸ਼ੂ ਇਸ ਵਿੱਚ ਡਿੱਗ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਛੱਪੜ ਦੀ ਨਿਕਾਸੀ ਨਾ ਹੋਣ ਕਰਕੇ ਉਹ ਬਹੁੁਤ ਦੁਖੀ ਹਨ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਤੋਂ ਕਈ ਵਾਰ ਹਲਕਾ ਵਿਧਾਇਕ ਨੂੰ ਵੀ ਜਾਣੂ ਕਰਵਾਇਆ ਗਿਆ ਪ੍ਰੰਤੂ ਉਨ੍ਹਾਂ ਨੇ ਇਸ ਦਾ ਕੋਈ ਹੱਲ ਨਹੀਂ ਕੱਢਿਆ। ਇਸ ਕਰਕੇ ਅੱਜ ਸਮੂਹ ਵਾਸੀ ਵਾਲੇ ਲੋਕਾਂ ਨੇ ਇਕੱਠੇ ਹੋ ਕੇ ਇਸ ਸਮੱਸਿਆ ਨੂੰ ਆਪ ਆਗੂਆਂ ਕੋਲ ਚੁੱਕਿਆ ਹੈ ਤੇ ਇਸ ਮਾਮਲੇ ਨੂੰ ਲੈ ਕੇੇ ਆਪ ਦੇ ਜਿਲ੍ਹਾ ਜਰਨਲ ਸੱਕਤਰ ਦੀਪਕ ਸਮਾਲਸਰ ਆਪਣੀ ਟੀਮ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਲਈ ਪਹੁੰਚੇ। ਲੋਕਾਂ ਨੇ ਆਪ ਆਗੂ ਦੀਪਕ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਛੱਪੜ ਦੇ ਗੰਦੇ ਪਾਣੀ ਕਾਰਨ ਨਰਕ ਭਰੀ ਜਿੰਦਗੀ ਜਿਉਣੀ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਇਸ ਛੱਪੜ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੱਗ ਗਈਆਂ ਹਨ,ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਥੋੜਾ ਜਿਹਾ ਸੜਕ ਦਾ ਟੋਟਾ ਬਣਾਉਣ ਵੀ ਲੱਗੇ ਸਨ ਤਾਂ ਉਹ ਵੀ ਵਿੱਚ ਹੀ ਛੱਡ ਦਿੱਤਾ।ਲੋਕਾਂ ਦੀਆਂ ਸਮੱਸਿਆਵਾ ਸੁਣਨ ਤੋਂ ਬਾਅਦ ਦੀਪਕ ਸਮਾਲਸਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਜਲਦ ਤੋਂ ਜਲਦ  ਕੋਈ ਠੋਸ ਹੱਲ ਕਰੇ ਤਾਂ ਜੋ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੀਵਰੇਜ ਚਾਲੂ ਕੀਤੇ ਜਾਣ ਦੀ ਮੰਗ ਵੀ ਰੱਖੀ ਹੈ।ਦੀਪਕ ਨੇ ਪੈ੍ਰਸ਼ ਨਾਲ ਗੱਲਬਾਤ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਕਹਿ ਦਿੰਦੇ ਹਨ ਕਿ 18 ਕਰੋੜ ਰੁਪੈ ਬਾਘਾਪੁਰਾਣਾ ਸ਼ਹਿਰ ਦੇ ਵਿਕਾਸ ਲਈ ਆਏ ਹਨ ਪਰ ਉਹ 18 ਕਰੋੜ ਰੁਪਏ ਕਿੱਥੇ ਗਏ ਕੁਝ ਸਮਝ ਨਹੀਂ ਆ ਰਿਹਾ,ਕਿਉਂਕਿ ਮੈਨੂੰ ਅਤੇ ਆਮ ਲੋਕਾਂ ਨੂੰ ਸ਼ਹਿਰ ਵਿੱਚ ਕੀਤਾ ਇੱਕ ਵੀ ਵਿਕਾਸ ਦਾ ਕੰਮ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਵਿਰੋਧੀ ਧਿਰ ਦਾ ਫਤਵਾ ਦਿੱਤਾ ਹੈ ਅਤੇ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਹਲਕਾ ਵਿਧਾਇਕ ਤੋਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗੇ। ਦੀਪਕ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਇਸ ਛੱਪੜ ਦਾ ਜਲਦ ਤੋਂ ਜਲਦ ਕੋਈ ਹੱਲ ਨਾ ਕੀਤਾ ਗਿਆ ਤਾਂ ਇਸ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਨਰਕ ਵਿੱਚ ਜ਼ਿੰਦਗੀ ਕੱਟ ਰਹੇ ਲੋਕਾਂ ਲਈ ‘ਆਪ’ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ ਅਤੇ ਧਰਨੇ ਵੀ ਲਗਾਏ ਜਾਣਗੇ। ਇਸ ਸਮਂੇ ਉਹਨਾਂ ਦੇ ਨਾਲ ਗੋਲਡੀ ਸਿੰਗਲਾ,ਮੱਘਰ ਸਿੰਘ , ਜੱਗਾ ਸਿੰਘ, ਪਾਲ਼ੀ ਸਿੰਘ, ਹਰਚਰਨ ਸਿੰਘ, ਗੁਰਮੇਲ ਸਿੰਘ, ਜਗਤਾਰ ਸਿੰਘ, ਅਵਤਾਰ ਅਤੇ ਹੋਰ ਕਈ ਮੁਹੱਲਾ ਵਾਸੀ ਹਾਜ਼ਰ ਸਨ।