ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਬਾਘਾਪੁਰਾਣਾ ਵਿਖੇ ਹੋਏ ‘ਕਰਜ਼ਾ ਰਾਹਤ ਸਕੀਮ’ ਸਮਾਗਮ ਦੌਰਾਨ 1087 ਕਿਸਾਨਾਂ ਨੂੰ 3 ਕਰੋੜ 83 ਲੱਖ ਦੇ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ

ਬਾਘਾਪੁੁਰਾਣਾ,21 ਮਈ (ਜਸ਼ਨ)-ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਹਲਕਾ ਬਾਘਾਪੁਰਾਣਾ ਗਾਂਧੀ ਪੈਲਿਸ ਬਾਘਾਪੁਰਾਣਾ ਵਿਖੇ ਅੱਜ ਕਿਸਾਨਾਂ ਨੂੰ ਕਰਜ਼ਾ ਮੁਆਫੀ ਪ੍ਰਮਾਣ ਪੱਤਰ ਵੰਡੇ। ਕੈਪਟਨ ਸਰਕਾਰ ਵਲੋਂ ਢਾਈ ਤੋਂ ਪੰਜ ਏਕੜ ਜ਼ਮੀਨ ਵਾਲੇ ਛੋਟੇ ਕਿਸਾਨਾਂ ਦੇ 2 ਲੱਖ ਰੁਪਏ ਦੇ ਫਸਲੀ ਕਰਜ਼ੇ ਮੁਆਫ ਕਰਨ ਦਾ ਜੋ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਨੂੰ ਪੂਰਾ ਕਰਨ ਲਈ ਆਰੰਭੀ ਮੁਹਿੰਮ ਤਹਿਤ ਡਿਊਟੀ ਮਜਿਸਟਰੇਟ ਗੁਰਮੀਤ ਸਿੰਘ ਸਹੋਤਾ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਮੁੱਢ ਮਹਿਮਾਨ ਵਜੋਂ ਪੁੱਜੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਹਲਕਾ ਬਾਘਾ ਪੁਰਾਣਾ ਦੇ ਢਾਈ ਤੋਂ ਪੰਜ ਏਕੜ ਜ਼ਮੀਨ ਦੇ ਮਾਲਕ 1087 ਛੋਟੇ ਕਿਸਾਨ ਨੂੰ ਸਹਿਕਾਰੀ ਸਭਾਵਾਂ, ਸਹਿਕਾਰੀ ਬੈਂਕਾਂ ਨਾਲ ਸਬੰਧਿਤ ਫਸਲੀ ਕਰਜ਼ੇ ਮੁਆਫ ਕਰਦਿਆਂ ਹੋਇਆ 3 ਕਰੋੜ 83 ਲੱਖ ਰੁਪਏ ਦੇ ਕਰਜ਼ਾ ਰਾਹਤ ਪ੍ਰਮਾਣ ਪੱਤਰ ਲਾਭਪਾਤਰੀ ਕਿਸਾਨਾਂ ਨੂੰ ਵੰਡੇ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ, ਪ੍ਰਧਾਨ ਸੁਖਮੰਦਰ ਸਿੰਘ, ਬਿੱਟੂ ਮਿੱਤਲ, ਰਾਮ ਸਿੰਘ ਲੋਧੀ ਠੱਠੀ ਭਾਈ, ਨੈਬ ਸਿੰਘ ਥਰਾਜ, ਜਗਸੀਰ ਸਿੰਘ ਬਰਾੜ, ਡਾ: ਦਵਿੰਦਰ ਸਿੰਘ ਗੋਗੀ ਗਿੱਲ, ਡਾ: ਨਵਦੀਪ ਸਿੰਘ ਜੌੜਾ, ਧਰਮਵੀਰ ਸਿੰਘ ਕੰਬੋ, ਸਹਾਇਕ ਰਜਿਸਟਰਾਰ ਲਖਵਿੰਦਰ ਸਿੰਘ ਵਿਰਕ, ਐਮ.ਡੀ. ਅਮਨਦੀਪ ਸਿੰਘ ਬਰਾੜ ਮੋਗਾ, ਮੈਨੇਜਰ ਨਛੱਤਰ ਸਿੰਘ ਖੋਸਾ, ਸੀ.ਆਈ. ਗੁਰਪ੍ਰਕਾਸ਼ ਸਿੰਘ, ਇੰਸ: ਰੁਪਿੰਦਰ ਸਿੰਘ ਸਹਿਕਾਰੀ ਸਭਾਵਾਂ, ਇੰਸ: ਸੁਰਿੰਦਰ ਸਿੰਘ, ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰਾਂ ਤੋਂ ਇਲਾਵਾ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ । ਵਿਧਾਇਕ ਦਰਸਨ ਸਿੰਘ ਬਰਾੜ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਰਹਿੰਦੇ ਕਿਸਾਨਾਂ ਨੂੰ ਵੀ ਕਰਜ਼ਾ ਮੁਆਫੀ ਦੇ ਪ੍ਰਮਾਣ ਪੱਤਰ ਵੰਡਣ ਦੀ ਮੁਹਿੰਮ ਸਤੰਬਰ 2018 ਤੱਕ ਜਾਰੀ ਰਹੇਗੀ ਅਤੇ ਸਰਕਾਰੀ ਬੈਂਕਾਂ ਅਤੇ ਪ੍ਰਾਈਵੇਟ ਬੈਂਕਾਂ ਨਾਲ ਸਬੰਧਿਤ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ । ਉਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨੂੰ ਮੋਬਾਈਲ ਫੋਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮਿਲਣ ਤੱਕ ਬੇਰੁਜਗਾਰੀ ਭੱਤਾ ਦੇਣ ਦਾ ਵਾਅਦਾ ਵੀ ਜਲਦੀ ਪੂਰਾ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਚੋਣਾਂ ਵੇਲੇ ਕੀਤਾ ਹਰੇਕ ਵਾਅਦੇ ਨੂੰ ਇਕ ਇਕ ਕਰਕੇ ਪੂਰਾ ਕਰੇਗੀ । ਸ: ਬਰਾੜ ਨੇ ਕਿਹਾ ਕਿ ਲੋਕ ਵਿਰੋਧੀਆਂ ਦੀਆਂ ਅਫਵਾਹਾਂ ਵਿਚ ਯਕੀਨ ਕਰਨ ਦੀ ਬਜਾਏ ਕੈਪਟਨ ਸਰਕਾਰ ‘ਤੇ ਭਰੋਸਾ ਰੱਖਣ। ਇਸ ਮੌਕੇ ਜਿਲਾ ਮੈਨੇਜਰ ਰਜਿੰਦਰ ਸਿੰਘ ਢਿੱਲੋਂ ਸਹਿਕਾਰੀ ਸਭਾਵਾਂ, ਸੈਕਟਰੀ ਗੁਰਪ੍ਰਕਾਸ਼ ਸਿੰਘ, ਮਾ: ਸੁਖਦੇਵ ਸਿੰਘ ਮੱਲਕੇ, ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ, ਮੈਨੇਜਰ ਸਤਨਾਮ ਸਿੰਘ ਬਾਘਾ ਪੁਰਾਣਾ ਅਤੇ ਹੋਰਨਾਂ ਆਗੂਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਹਿਤ ਵਿਚ ਜੋ ਕਰਜ਼ਾ ਮੁਆਫੀ ਕਰਨ ਦੀ ਮੁਹਿੰਮ ਅਰੰਭੀ ਹੋਈ ਹੈ ਇਸ ਨਾਲ ਕਿਸਾਨਾਂ ਨੂੰ ਭਾਰੀ ਰਾਹਤ ਮਿਲੇਗੀ । ਇਸ ਮੌਕੇ ਡਿਊਟੀ ਮੈਜਿਸਟਰੇਟ ਗੁਰਮੀਤ ਸਿੰਘ ਸਹੋਤਾ ਨੇ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਹਿਕਾਰੀ ਸਹਿਕਾਰੀ ਸਭਾਵਾਂ ਦੇ ਅਮਲੇ ਵਲੋਂ ਸਨਿਚਰਵਾਰ ਅਤੇ ਐਤਵਾਰ ਨੂੰ ਵੀ ਸਖਤ ਮਿਹਨਤ ਕਰਕੇ ਕਰਜਾ ਮੁਆਫੀ ਸਬੰਧੀ ਰਿਕਾਰਡ ਤਿਆਰ ਕੀਤਾ ਗਿਆ ਹੈ । ਉਨਾਂ ਕਿਹਾ ਕਿ ਜਿੰਨਾ ਕਿਸਾਨਾਂ ਨੂੰ ਜ਼ਮੀਨਾਂ ਦੀਆ ਜਮਾਬੰਦੀਆਂ ਦੀਆ ਫਰਦਾਂ ਨਹੀਂ ਮਿਲੀਆਂ ਉਹ ਇਹ ਗੱਲ ਦਿਲ ਅਤੇ ਦਿਮਾਗ ਵਿਚੋਂ ਕੱਢ ਦੇਣ ਕਿ ਉਨਾਂ ਦਾ ਕਰਜਾ ਮੁਆਫ ਨਹੀਂ ਹੋਵੇਗਾ ,ਜਲਦ ਹੀ ਉਨਾਂ ਨੂੰ ਵੀ ਇਸ ਕਰਜਾ ਮੁਆਫੀ ਦਾ ਲਾਭ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀਆ ਲਿਮਟਾਂ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕਾਂ ਸਮੇਂ ਸਿਰ ਬਣਾਉਣਗੀਆਂ ।


