ਕੁਸ਼ਲਦੀਪ ਢਿੱਲੋਂ ਨੇ ਆਪਣੇ ਜਨਮਦਿਨ ਮੌਕੇ ਭੋਲੂਵਾਲਾ ਸਕੂਲ ਨੂੰ 5 ਲੱਖ ਰੁਪਏ ਦੀ ਦਿੱਤੀ ਗਰਾਂਟ

ਕੋਟਕਪੂਰਾ, 22 ਮਈ (ਟਿੰਕੂ ਪਰਜਾਪਤੀ) :- ਨੇੜਲੇ ਪਿੰਡ ਭੋਲੂਵਾਲਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਨਵੇਂ ਸ਼ੈਸ਼ਨ ਦੇ ਆਗਾਜ਼ ਮੌਕੇ ਪਿੰਡ ਵਾਸੀਆਂ ਵੱਲੋਂ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਜਨਮ ਦਿਨ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਉਨਾਂ ਦੀ ਲੰਮੀ ਉਮਰ, ਚੜਦੀਕਲਾ ਅਤੇ ਖੁਸ਼ਹਾਲੀ ਵਾਸਤੇ ਪ੍ਰਮਾਤਮਾ ਦੇ ਚਰਨਾਂ ’ਚ ਅਰਦਾਸ ਬੇਨਤੀ ਕੀਤੀ। ਇਸ ਮੌਕੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਬੀਬਾ ਅਮਨਜੋਤ ਕੌਰ ਢਿੱਲੋਂ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਬਰਾੜ ਭੋਲੂਵਾਲਾ ਨੇ ਇਸ ਮੌਕੇ ਹਲਕਾ ਵਿਧਾਇਕ, ਹਲਕੇ ਦੇ ਪਹੁੰਚੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਸੰਬੋਧਨ ਕਰਦਿਆਂ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਵਰਗ ਦੇ ਲੋਕਾਂ ਲਈ ਪੂਰੀ ਤਰਾਂ ਸੁਹਿਰਦ ਹੈ। ਉਨਾਂ ਦੱਸਿਆ ਕਿ ਪੈਨਸ਼ਨ 250 ਤੋਂ ਵਧਾ ਕੇ 750, ਬੇਟੀਆਂ ਦੇ ਵਿਆਹ ਲਈ ਸ਼ਗਨ ਸਕੀਮ 15,000 ਤੋਂ ਵਧਾ ਕੇ 21,000 ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਕਿਸਾਨਾਂ ਦੀਆਂ ਦੋ ਫ਼ਸਲਾਂ ਨੂੰ ਵਧੀਆ ਢੰਗ ਨਾਲ ਚੁੱਕ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਹਰੇਕ ਵਰਗ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਪਾਬੰਦ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਲਈ ਸਰਕਾਰ ਹੁਣ ਤੱਕ 10,000 ਕਰੋੜ ਦੇ ਕਰਜ਼ੇ ਮੁਆਫ਼ ਕਰ ਚੁੱਕੀ ਹੈ ਅਤੇ ਆਉਂਦੇ ਸਮੇਂ ’ਚ ਬਾਕੀ ਕਰਜ਼ੇ ਮੁਆਫ਼ ਕੀਤੇ ਜਾਣਗੇ। ਇਸ ਮੌਕੇ ਉਨਾਂ ਸਕੂਲ ਦੀ ਬਿਲਡਿੰਗ ਪੂਰੀ ਕਰਨ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਜਲਦ ਜਾਰੀ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਸਾਂਝੇ ਮਸਲਿਆਂ ਦੇ ਹੱਲ ਵਾਸਤੇ ਸਾਨੂੰ ਹਮੇਸ਼ਾ ਵੱਡਾ ਦਿਲ ਰੱਖਣਾ ਚਾਹੀਦਾ ਹੈ। ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਸ੍ਰ. ਢਿੱਲੋਂ ਅਤੇ ਮੈਡਮ ਢਿੱਲੋਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਨਿਭਾਈ।