ਸਰਕਾਰੀ ਸਕੂਲ ਨੇੜਲੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਰੋਸ ਧਰਨਾ ਤੇ ਨਾਅਰੇਬਾਜ਼ੀ

ਕੋਟਕਪੂਰਾ, 22 ਮਈ (ਟਿੰਕੂ ਪਰਜਾਪਤੀ) :- ਨੇੜਲੇ ਪਿੰਡ ਹਰੀਨੋਂ ਵਿਖੇ ਸ਼ਰਾਬ ਦਾ ਠੇਕਾ ਚੁਕਵਾਉਣ ਵਾਸਤੇ ਪੰਜਾਬ ਕਿਸਾਨ ਯੂਨੀਅਨ, ਦਿਹਾਤੀ ਮਜਦੂਰ ਸਭਾ ਅਤੇ ਪਿੰਡ ਵਾਸੀਆਂ ਨੇ ਠੇਕੇ ਸਾਹਮਣੇ ਧਰਨਾ ਦੇ ਕੇ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਉਕਤ ਠੇਕਾ ਰਾਜਨੀਤਿਕ ਸਰਪ੍ਰਸਤੀ ਕਰਕੇ ਕਾਨੂੰਨ ਨੂੰ ਬਿਲਕੁੱਲ ਛਿੱਕੇ ਟੰਗ ਕੇ ਚਲਾਇਆ ਜਾ ਰਿਹਾ ਹੈ, ਕਿਉਂਕਿ ਉਕਤ ਸ਼ਰਾਬ ਦਾ ਠੇਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਤੋਂ ਸਿਰਫ 66 ਫੁੱਟ ਦੀ ਦੂਰੀ ’ਤੇ ਹੈ, ਜਦਕਿ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਕ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਕੋਈ ਵੀ ਸ਼ਰਾਬ ਦਾ ਠੇਕਾ ਜਾਂ ਤੰਬਾਕੂ ਦੀ ਦੁਕਾਨ ਕਿਸੇ ਵਿਦਿਅਕ ਜਾਂ ਧਾਰਮਿਕ ਸਥਾਨ ਤੋਂ 100 ਫੁੱਟ ਦੀ ਦੂਰੀ ’ਤੇ ਹੋਣੀ ਜਰੂਰੀ ਹੈ। ਪੰਜਾਬ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਬਲਰਾਜ ਸਿੰਘ ਗੁਰੂਸਰ, ਗੁਰਜੰਟ ਸਿੰਘ ਬਠਿੰਡਾ ਅਤੇ ਗੁਰਤੇਜ ਸਿੰਘ ਹਰੀਨੋਂ ਨੇ ਦੱਸਿਆ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਉਕਤ ਠੇਕਾ ਬੰਦ ਨਾ ਕੀਤਾ ਗਿਆ ਤਾਂ ਉਹ ਪਿੰਡ ਵਾਸੀਆਂ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਾਉਣ ਲਈ ਮਜਬੂਰ ਹੋਏ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪੁੱਜੇ ਐਕਸਾਈਜ ਇੰਸਪੈਕਟਰ ਸਤਵੰਤ ਸਿੰਘ ਟਿਵਾਣਾ ਨੇ ਵਿਸ਼ਵਾਸ਼ ਦਿਵਾਇਆ ਕਿ ਅੱਜ ਤੋਂ ਬਾਅਦ ਇਸ ਥਾਂ ’ਤੇ ਠੇਕਾ ਨਹੀਂ ਖੋਲਿਆ ਜਾਵੇਗਾ। ਐਕਸਾਈਜ ਇੰਸਪੈਕਟਰ ਦੇ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਧਰਨੇ ਨੂੰ ਉਪਰੋਕਤ ਤੋਂ ਇਲਾਵਾ ਗਮਦੂਰ ਸਿੰਘ ਹਰੀਨੌਂ, ਦਵਿੰਦਰ ਸਿੰਘ ਜੈਤੋ, ਜਗਸੀਰ ਸਿੰਘ ਕੋਟਕਪੂਰਾ, ਜਸਵਿੰਦਰ ਸਿੰਘ, ਗੁਰਦਾਸ ਰਾਮ, ਸੁਖਮੰਦਰ ਸਿੰਘ, ਜਰਨੈਲ ਸਿੰਘ, ਚੰਦ ਸਿੰਘ, ਦਰਸ਼ਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।