ਮੰਤਰੀ ਦੇ ਭਰੋਸੇ ਮਗਰੋਂ ਰੋਡਵੇਜ਼ ਐਕਸ਼ਨ ਕਮੇਟੀ ਵੱਲੋਂ 23 ਮਈ ਦੀ ਹੜ੍ਹਤਾਲ ਮੁਲਤਵੀ

ਮੋਗਾ,22 ਮਈ (ਜਸ਼ਨ)-ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦੀ ਐਕਸ਼ਨ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੇ ਟ੍ਰਾਂਸਪੋਰਟ ਮੰਤਰੀ ਨਾਲ ਹੋਈ,ਜਿਸ ਵਿੱਚ ਪ੍ਰਮੁੱਖ ਸਕੱਤਰ ਤੇ ਰੋਡਵੇਜ਼ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਹੋਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਮੈਂਬਰ ਜਗਦੀਸ਼ ਸਿੰਘ ਚਾਹਲ, ਰਛਪਾਲ ਸਿੰਘ ਮੌਜਗੜ੍ਹ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਨੇ ਮੰਨਿਆ ਕਿ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਜਿਨ੍ਹਾਂ ਵਿਚ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਪੱਕਿਆਂ ਕਰਨਾ, ਸੁਪਰੀਮ ਕੋਰਟ ਤੇ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਨਾ, ਬਰਾਬਰ ਕੰਮ-ਬਰਾਬਰ ਤਨਖਾਹ, ਟਾਈਮ ਟੇਬਲਾਂ ਵਿਚ ਇਕਸਾਰਤਾ ਲਿਆਉਣਾ, ਪਰਮਿਟਾਂ ਵਿਚ ਨਜਾਇਜ਼ ਤੌਰ’ਤੇ ਕੀਤੇ ਵਾਧੇ ਰੱਦ ਕਰਨਾ, ਆਊਟ ਸੋਰਸ ਤੇ ਠੇਕੇ ਤੇ ਕੰਮ ਕਰਦੇ ਕਾਮਿਆਂ ਦੀ ਤਨਖਾਹ ਵਿੱਚ 40% ਵਾਧਾ ਕਰਨਾ, ਪਨਬੱਸ ਵਿਚ ਨਵੀਆਂ ਬੱਸਾਂ ਪਾੳਣਾ ਆਦਿ ਹਨ। ਪ੍ਰੰਤੂ ਟ੍ਰਾਂਸਪੋਰਟ ਮਹਿਕਮਾ ਮੁੱਖ ਮੰਤਰੀ ਕੋਲ ਹੋਣ ਕਾਰਨ ਅਤੇ ਉਹਨਾਂ ਦੇ ਰੁਝੇਵੇਂ ਵੱਧ ਹੋਣ ਕਾਰਨ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਹੋ ਸਕੀਆਂ। ਟ੍ਰਾਂਸਪੋਰਟ ਮੰਤਰੀ ਵੱਲੋਂ ਭਰੋਸਾ ਦੁਆਇਆ ਗਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਮੰਗਾਂ ਲਾਗੂ ਹੋਣ ਵਿਚ ਅੜਚਣ ਆ ਰਹੀ ਹੈ। ਇਸ ਲਈ ਜਲਦੀ ਦੁਬਾਰਾ ਮੀਟਿੰਗ ਬੁਲਾ ਕੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਲਈ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਕਿ 23 ਮਈ ਦੀ ਹੜ੍ਹਤਾਲ ਮੁਲਤਵੀ ਕਰ ਦਿੱਤੀ ਜਾਵੇ। ਜੇਕਰ ਸਰਕਾਰ ਵੱਲੋਂ ਉਪਰੋਕਤ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਐਕਸ਼ਨ ਕਮੇਟੀ ਜਲਦੀ ਮੀਟਿੰਗ ਕਰਕੇ ਆਉਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਕੇ ਅਗਲੇ ਐਕਸ਼ਨ ਦਾ ਐਲਾਨ ਕਰੇਗੀ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ , ਰੋਡਵੇਜ਼ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਅੱਜ ਦੀ ਗੇਟ ਰੈਲੀ ਵਿਚ ਗੁਰਜੰਟ ਸਿੰਘ ਕੋਕਰੀ, ਇੰਦਰਜੀਤ ਭਿੰਡਰ (ਏਟਕ), ਪ੍ਰਦੀਪ ਸਿੰਘ, ਜਗਜੀਤ ਸਿੰਘ ਕਰਮਚਾਰੀ ਦਲ, ਇੰਟਕ ਦੇ ਖੁਸ਼ਪਾਲ ਰਿਸ਼ੀ ਪਨਬੱਸ ਦੇ ਸਾਥੀ ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।


