ਸੀ ਪੀ ਆਈ ਵੱਲੋਂ ਮੋਗਾ ਵਿਖੇ ‘ਪੋਲ ਖੋਲ ਹੱਲਾ ਬੋਲ’ ਰੈਲੀ ਦੌਰਾਨ ਮੋਦੀ ਸਰਕਾਰ ’ਤੇ ਦੇਸ਼ ਦੀ ਜਨਤਾ ਨਾਲ ਧਰੋਹ ਕਮਾਉਣ ਦਾ ਲਗਾਇਆ ਦੋਸ਼

ਮੋਗਾ,23 ਮਈ (ਜਸ਼ਨ)- ਆਪਣੇ ਚਾਰ ਸਾਲਾਂ ਦੇ ਸ਼ਾਸਨ ਦੌਰਾਨ ਕੇਂਦਰ ਦੀ ਬੀ ਜੇ ਪੀ ਸਰਕਾਰ ਨੇ ਦੇਸ਼ ਦਾ ਸਾਰਾ ਧੰਨ ,ਮਾਲ ਖਜ਼ਾਨੇ ਕਾਰਪੋਰੇਟ ਘਰਾਣਿਆਂ ਅਤੇ ਕੰਪਨੀਆਂ ਨੂੰ ਲੁਟਾ ਕੇ ਦੇਸ਼ ਦੀ ਜਨਤਾ ਨਾਲ ਧਰੋਹ ਕਮਾਇਆ ਹੈ ,ਜਿਸ ਦਾ ਨਤੀਜਾ ਆਉਣ ਵਾਲੇ ਚੁਣਾਵੀ ਵਰੇ ਵਿਚ ਕੇਂਦਰ ਸਰਕਾਰ ਨੂੰ ਭੁਗਤਣਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ‘ਪੋਲ ਖੋਲ ਹੱਲਾ ਬੋਲ ’ ਦੌਰਾਨ ਮੋਗਾ ਵਿਖੇ ਕੀਤੇ ਗਏ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਸੂਬਾ ਕਾਰਜਕਾਰਨੀ ਦੀ ਮੈਂਬਰ ਨਰਿੰਦਰ ਕੌਰ ਸੋਹਲ ,ਬਲਾਕ ਮੋਗਾ 2 ਦੀ ਸਕੱਤਰ ,ਸ਼ੇਰ ਸਿੰਘ ਦੌਲਤਪੁਰਾ ,ਕਾਮਰੇਡ ਜਗਦੀਸ਼ ਸਿੰਘ ਚਾਹਲ,ਬਲਾਕ ਮੋਗਾ 1 ਦੇ ਸਕੱਤਰ ਸਬਰਾਜ ਸਿੰਘ ਢੁੱਡੀਕੇ ਨੇ ਕੀਤਾ । ਉਹਨਾਂ ਕਿਹਾ ਕਿ ਹਰ ਸਾਲ ਇਕ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਨਾਲ ਹੋਂਦ ਵਿਚ ਆਈ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਨੌਕਰੀਆਂ ਤਾਂ ਕੀ ਦੇਣੀਆਂ ਸਨ ਸਗੋਂ ਪਹਿਲੇ ਕਾਮਿਆਂ ਤੋਂ ਰੁਜ਼ਗਾਰ ਖੋਹਣ ਦੀਆਂ ਨੀਤੀਆਂ ’ਤੇ ਚੱਲ ਰਹੀ ਹੈ। ਬੁਲਾਰਿਆਂ ਨੇ ਆਖਿਆ ਕਿ ਠੇਕੇਦਾਰੀ ਸਿਸਟਮ ਅਧੀਨ ਵੱਖ ਵੱਖ ਵਰਗਾਂ ਦੇ ਮੁਲਾਜ਼ਮਾਂ ਦਾ ਰੱਜ ਕੇ ਸੋਸ਼ਣ ਕੀਤਾ ਜਾ ਰਿਹਾ ਹੈ। ਉਹਲਾਂ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ,ਮਹਿੰਗਾਈ ਘੱਟ ਕਰਨ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਨੇ ਦੇਸ਼ ਦਾ ਪੈਸਾ ਨੀਰਵ ਮੋਦੀ,ਵਿਜੇ ਮਾਲਿਆ ਵਰਗਿਆਂ ਨੂੰ ਲੁਟਾ ਕੇ ਪੈਟਰੋਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਦਿਆਂ ਲੋਕਾਂ ਦਾ ਕਚੰੂਮਰ ਕੱਢ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਅਤੇ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਦੇਸ਼ ਵਿਚ ਫਿਰਕੂ ਅਤੇ ਵੱਖਵਾਦੀ ਮਾਹੌਲ ਸਿਰਜਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਉਹਨਾਂ ਆਖਿਆ ਕਿ ਅੱਜ ਇਹਨਾਂ ਦੇਸ਼ ਵਿਆਪੀ ਪ੍ਰਦਰਸ਼ਨਾਂ ਰਾਹੀਂ ਸੀ.ਪੀ.ਆਈ. ਨੇ ਮੰਗ ਕੀਤੀ ਕਿ ਸਰਕਾਰ ਕਿਰਤ ਕਰਨ ਵਾਲੀਆਂ ਧਿਰਾਂ, ਮੁਲਾਜ਼ਮ ਵਰਗ, ਵਿਦਿਆਰਥੀਆਂ, ਨੌਜਵਾਨਾਂ ਉੱਪਰ ਹਮਲੇ ਬੰਦ ਕਰੇ। ਉਹਨਾਂ ਕਿਹਾ ਕਿ ਨਰੇਗਾ ਕਾਮਿਆਂ ਨਾਲ ਹੁੰਦੀਆਂ ਜਿਆਦਤੀਆਂ ਬੰਦ ਕਰਦਿਆਂ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾ ਕੇ ਕੰਮ ਦੇ ਦਿਨਾਂ ਦੀ ਗਰੰਟੀ 200 ਦਿਨ ਦਿਹਾੜੀ ਰੇਟ 600 ਰੁਪਏ ਕੀਤਾ ਜਾਵੇ। ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਪੱਕੀ ਭਰਤੀ ਕੀਤੀ ਜਾਵੇ।
ਇਸ ਮੌਕੇ ਪੰਜਾਬ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਵਾਅਦੇ ਨਾਲ ਕੇਂਦਰ ਦੀ ਬੀ ਜੇ ਪੀ ਸਰਕਾਰ ਸੱਤਾ ਵਿਚ ਆਈ ਸੀ ਉਹਨਾਂ ਵਾਅਦਿਆਂ ਦੇ ਉਲਟ ਫੈਸਲੇ ਲਏ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਜਨਤਾ ਨੂੰ ਮਹਿੰਗਾਈ ਦੀ ਚੱਕੀ ਵਿਚ ਪਿੱਸਣਾ ਪੈ ਰਿਹੈ ਜਦਕਿ ਨੌਜਵਾਨ ਬੇਰੋਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ। ਇਸ ਸਮੇਂ ਹੋਰਨਾ ਤੋਂ ਇਲਾਵਾ ਨਰੇਗਾ ਯੂਨੀਅਨ ਦੇ ਸਕੱਤਰ ਜਗਸੀਰ ਖੋਸਾ, ਵਿੱਕੀ ਮਹੇਸ਼ਰੀ, ਪਰਮਜੀਤ ਵਿੱਕੀ, ਪੋਹਲਾ ਸਿੰਘ ਬਰਾੜ, ਕਾਮਰੇਡ ਮਲਕੀਤ ਚੜਿੱਕ, ਕਾ. ਸੁਰਿੰਦਰ ਕੁਮਾਰ, ਜਸਪਾਲ ਘਾਰੂ, ਭੂਪਿੰਦਰ ਸਿੰਘ ਸਖੋਂ, ਗੁਰਮੇਲ ਸਿੰਘ ਨਾਹਰ, ਇਕਬਾਲ ਤਖਾਣਵੱਧ ਆਦਿ ਨੇ ਵੀ ਸੰਬੋਧਨ ਕੀਤਾ।


