ਜ਼ਿਲ੍ਹੇ ਵਿੱਚ ਲਘੂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ-ਰਾਜੇਸ਼ ਤਿਰਪਾਠੀ

ਮੋਗਾ 23 ਮਈ:(ਜਸ਼ਨ)-ਜ਼ਿਲੇ ਵਿੱਚ ਲਘੂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਮਾਈਕਰੋ ਲਘੂ ਅਤੇ ਮੀਡੀਅਮ ਉਦਯੋਗ (ਐਮ.ਐਸ.ਐਮ.ਈ.) ਵੱਲੋ ਸਥਾਨਕ ਮੀਟਿੰਗ ਹਾਲ ਵਿਖੇ ਜ਼ਿਲੇ ਦੇ ਸਨਅਤਕਾਰਾਂ ਦੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ੍ਰੀ ਤਿ੍ਰਪਾਠੀ ਨੇ ਦੱਸਿਆ ਕਿ ਐਮ.ਐਸ.ਐਮ.ਈ. ਵੱਲੋਂ ਉਦਯੋਗਪਤੀਆਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਇਹ ਮੀਟਿੰਗ ਆਯੋਜਿਤ ਕੀਤੀ, ਤਾਂ ਜੋ ਛੋਟੀਆਂ ਇਕਾਈਆਂ ਨੂੰ ਹੋਰ ਵਿਕਸਤ ਕੀਤਾ ਜਾ ਸਕੇ। ਉਨਾਂ ਐਮ.ਐਸ.ਐਮ.ਈ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਏ ਉਦਯੋਗਪਤੀਆਂ ਨੂੰ ਐਮ.ਐਸ.ਐਮ.ਈ. ਦੀਆਂ ਸਕੀਮਾਂ ਤੋਂ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਸਨਅਤਕਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਮੌਕੇ ਐਮ.ਐਸ.ਐਮ.ਈ. ਦੇ ਜੋਨਲ ਜਨਰਲ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਐਮ.ਐਸ.ਐਮ.ਈ. ਵੱਲੋ ਲਘੂ ਅਤੇ ਮਾਧਿਆਮ ਉੱਦਮੀਆਂ ਨੂੰ ਉਤਪਾਦਨ ਲਾਗਤ ‘ਤੇ ਕੱਚਾ ਮਾਲ ਜਿਵੇ ਕਿ ਐਲੂਮੀਨੀਅਮ, ਕਾਪਰ, ਜ਼ਿੰਕ, ਕੋਇਲਾ ਅਤੇ ਸਟੀਲ ਆਦਿ ਮੁਹੱਈਆ ਕਰਨ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਤੋ ਇਲਾਵਾ ਉਨਾਂ ਨੂੰ ਕੱਚੇ ਮਾਲ ਦੀ ਖ੍ਰੀਦ ਅਤੇ ਮਾਰਕੀਟਿੰਗ ਲਈ ਕਰਜ਼ੇ ਦੀ ਸਹਾਇਤਾ ਵੀ ਪ੍ਰਦਾਨ ਕਰਵਾਈ ਜਾਂਦੀ ਹੈ ਅਤੇ ਉਦਮੀਆਂ ਨੁੰ ਘੱਟ ਵਿਆਜ਼ ਦਰਾਂ ‘ਤੇ ਕਰਜ਼ਾ ਦਿਵਾ ਕੇ ਸਵੈ-ਰੁਜ਼ਗਾਰ ਦੇ ਅਵਸਰ ਪੈਦਾ ਕਰਵਾਏ ਜਾਂਦੇ ਹਨ। ਇਸ ਮੌਕੇ ਰਾਸ਼ਟਰੀ ਲਘੂ ਉਦਯੋਗ ਨਿਗਮ (ਐਨ.ਐੱਸ.ਆਈ.ਸੀ.) ਐਸ.ਸੀ./ਐਸ.ਟੀ. ਹੱਬ ਦੇ ਮੁਖੀ ਰਵੀ ਕਾਂਤ ਨੇ ਦੱਸਿਆ ਕਿ ਰਾਸ਼ਟਰੀ ਐਸ.ਸੀ./ਐਸ.ਟੀ. ਹੱਬ ਅਨੁਸੂਚਿਤ ਜਾਤੀ/ਜਨ-ਜਾਤੀ ਉਦਮੀਆਂ ਨੂੰ ਪੇਸ਼ਾਵਰ ਸਹਾਇਤਾ ਪ੍ਰਦਾਨ ਕਰਨ ਵਿੱਚ ਮੱਦਦ ਕਰਦੀ ਹੈ ਅਤੇ ਉਨਾਂ ਨੂੰ ਸਰਵ-ਜਨਕ ਖ੍ਰੀਦ ਪ੍ਰਕਿਰਿਆ ‘ਚ ਭਾਗ ਲੈਣ ਦੇ ਯੋਗ ਬਣਾਇਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਸਹਾਇਕ ਕਮਿਸ਼ਨਰ (ਜਨਰਲ) ਲਾਲ ਵਿਸ਼ਵਾਸ਼ ਬੈਸ, ਐਨ.ਜੀ.ਓ. ਐਸ.ਕੇ. ਬਾਂਸਲ, ਐਮ.ਐਸ.ਐਮ.ਈ. ਤੋ ਆਏ ਕੁੰਦਨ ਲਾਲ, ਪੀ.ਕੇ. ਸ਼ਰਮਾ, ਵਿਸ਼ਾਲ, ਚੇਅਰਮੈਨ ਭੱਠਾ ਐਸੋਸੀਏਸ਼ਨ ਚਮਨ ਲਾਲ ਗੋਇਲ, ਰਾਜ ਕੁਮਾਰ ਪ੍ਰਧਾਨ ਭਾਵਾਧਸ ਅਤੇ ਛੋਟੇ ਉਦਯੋਗਪਤੀ ਹਾਜ਼ਰ ਸਨ।


