ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ- ਡੀ.ਸੀ.ਪੀ.ਓ

ਮੋਗਾ 23 ਮਈ(ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ੍ਰ ਦਿਲਰਾਜ ਸਿੰਘ ਦੇ ਹੁਕਮਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤਿ੍ਰਪਾਠੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਿਲਾ ਬਾਲ ਸੁਰੱਖਿਆ ਅਫ਼ਸਰ ਮੋਗਾ ਮੈਡਮ ਪਰਮਜੀਤ ਕੌਰ ਵੱਲੋ ਜਿਲਾ ਇੰਸਪੈਕਸ਼ਨ ਕਮੇਟੀ ਨਾਲ ਜਿਲੇ ਦੇ ਸਮਰ ਫੀਲਡ ਸਕੂਲ ਡਰੋਲੀ ਭਾਈ ਅਤੇ ਜੀ.ਐਨ. ਕਾਨਵੈਂਟ ਸਕੂਲ ਭਲੂਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਬੱਸਾਂ ਦੀ ਹਾਲਤ, ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਫਸਟ ਏਡ ਕਿੱਟ, ਸੀਟ ਬੈਲਟ, ਐਮਰਜੈਸੀ ਵਿੰਡੋ, ਬੱਸਾਂ ਦੇ ਕਾਗਜ਼ ਪੱਤਰ ਅਤੇ ਬੱਸ ਡਰਾਈਵਰਾਂ ਦੇ ਲਾਇਸੰਸ ਦੇਖੇ ਗਏ। ਚੈਕਿੰਗ ਦੌਰਾਨ ਕਈ ਸਕੂਲੀ ਬੱਸਾਂ ਵਿੱਚ ਕੈਮਰੇ ਅਤੇ ਅੱਗ ਬੁਝਾਊ ਯੰਤਰ ਆਦਿ ਨਹੀ ਸਨ ਅਤੇ ਕਾਫ਼ੀ ਬੱਸ ਡਰਾਈਵਰ ਵੀ ਮੌਕੇ ‘ਤੇ ਹਾਜ਼ਰ ਨਹੀ ਪਾਏ ਗਏ। ਉਨਾਂ ਦੱਸਿਆ ਕਿ ਜਿਨਾਂ ਬੱਸਾਂ ਦੀ ਹਾਲਤ ਠੀਕ ਨਹੀ ਸੀ, ਉਨਾਂ ਦੇ ਤੁਰੰਤ ਮੌਕੇ ‘ਤੇ ਹੀ ਚਲਾਨ ਕੀਤੇ ਗਏੇ। ਜਿਲਾ ਬਾਲ ਸੁਰੱਖਿਆ ਅਫ਼ਸਰ ਨੇ ਹਾਜ਼ਰ ਸਕੂਲ ਪ੍ਰਬੰਧਕਾਂ ਨੂੰ ਸਕੂਲੀ ਬੱਸਾਂ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਇਸਦੀ ਰਿਪੋਰਟ ਜਿਲਾ ਬਾਲ ਸੁਰੱਖਿਆ ਯੁਨਿਟ ਮੋਗਾ ਦੇ ਦਫ਼ਤਰ ਵਿਖੇ ਕੀਤੀ ਜਾਵੇ। ਇਸ ਮੌਕੇ ਇੰਚਾਰਜ਼ ਟ੍ਰੈਫਿਕ ਐਜੂਕੇਸ਼ਨ ਸੈੱਲ ਜਿਲਾ ਮੋਗਾ ਤਰਸੇਮ ਸਿੰਘ ਏ.ਐਸ.ਆਈ. ਵੱਲੋ ਬੱਸਾਂ ਦੇ ਡਰਾਈਵਰਾਂ ਨੂੰ ਸੇਫ ਟੂ ਸਕੂਲ ਵਾਹਨ ਪਾਲਿਸੀ ਅਤੇ ਸੁਰੱਖਿਆ ਡਰਾਈਵਿੰਗ ਨਿਯਮਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਚੈਕਿੰਗ ਦੌਰਾਨ ਜਿਲਾ ਬਾਲ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਕੂਲਾਂ ਦੇ ਵਾਹਨ ਚੈੱਕ ਕੀਤੇ ਜਾ ਰਹੇ ਹਨ, ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਰਵੀ ਕੁਮਾਰ ਆਦਿ ਹਾਜ਼ਰ ਸਨ।