ਆਈ ਵਰਲਡ ਜਿੰਮ ਦੁੱਗਰੀ ਲੁਧਿਆਣਾ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਦਾ ਗਰੇਟ ਖਲੀ

ਲੁਧਿਆਣਾ, 23 ਮਈ (ਕਮਲ)- ਦੁੱਗਰੀ ਫੇਸ-1 ’ਚ ਸਥਿਤ ਆਈ ਵਰਲਡ ਜਿੰਮ ’ਚ ਪਹੰੁਚੇ ਡਬਲਯੂ ਡਬਲਯੂ ਈ ਰੈਸਲਰ ਦਾ ਗ੍ਰੇਟ ਖਲੀ ਉਰਫ਼ ਦਲੀਪ ਸਿੰਘ ਰਾਣਾ ਨੇ, ਜਿੱਥੇ ਆਪਣੇ ਪ੍ਰਸੰਸਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਉਥੇ ਖੇਡਾਂ, ਬਾਡੀ ਬਿਲਡਿੰਗ ਅਤੇ ਰੈਸਿਗ ’ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਸ਼ਾ ਨੌਜਵਾਨਾਂ ਦੇ ਸਰੀਰ ਵਿਚ ਪ੍ਰਵੇਸ਼ ਕਰ ਰਿਹਾ ਹੈ ਕਿਉਂਕਿ ਉਹਨਾਂ ਦਾ ਧਿਆਨ ਆਪਣੇ ਸਰੀਰਕ ਤੰਦਰੁਸਤੀ ਵੱਲ ਘੱਟਦਾ ਜਾ ਰਿਹਾ ਹੈ ਪਰ ਸਰੀਰਕ ਤੰਦਰੁਸਤੀ ਲਈ ਅਤੇ ਨਸ਼ਿਆਂ ਤੋਂ ਬੱਚਣ ਲਈ ਨੌਜਵਾਨਾਂ ਨੂੰ ਸਿਰਫ਼ ਜਿੰਮ ਹੀ ਸਹਾਈ ਸਿੱਧ ਹੋ ਸਕਦਾ ਹੈ। ਉਨਾਂ ਕਿਹਾ ਕਿ ਹਰ ਗਲੀ ਮੁਹੱਲਿਆਂ ਵਿਚ ਅਜਿਹੇ ਜਿੰਮ ਖੁੱਲਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ। ਗਰੇਟ ਖਲੀ ਨੇ ਕਿਹਾ ਕਿ ਜੋ ਲੋਕ ਨਸ਼ਾ ਕਰਦੇ ਹਨ, ਉਹ ਆਪਣੀ ਜ਼ਿੰਦਗੀ ਨਾਲ ਖਿਲਵਾੜ ਤਾਂ ਕਰਦੇ ਹੀ ਹਨ, ਨਾਲ ਨਾਲ ਆਪਣੇ ਪਰਿਵਾਰ ਦੀ ਜ਼ਿੰਦਗੀ ਦਾ ਵੀ ਧਿਆਨ ਨਹੀਂ ਰੱਖਦੇ ਅਤੇ ਉਨਾਂ ਦੀ ਜ਼ਿੰਦਗੀ ਨੂੰ ਵੀ ਬਰਬਾਦ ਕਰਦੇ ਹਨ। ਉਨਾਂ ਕਿਹਾ ਕਿ ਜਲਦ ਹੀ ਲੁਧਿਆਣਾ ’ਚ ਵੀ ਇਕ ਕੋਚਿੰਗ ਕਲੱਬ ਬਣਾਇਆ ਜਾ ਰਿਹਾ ਹੈ, ਜਿਸਦਾ ਲੁਧਿਆਣਾ ਨਿਵਾਸੀਆਂ ਨੂੰ ਲਾਭ ਹੋਵੇਗਾ। ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਉਨਾਂ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ, ਜਿਸ ਨਾਲ ਉਹ ਥੋੜਾ ਧਿਆਨ ਹਿਮਾਚਲ ਪ੍ਰਦੇਸ਼ ’ਚ ਵੀ ਦੇਣਗੇ। ਹਿਮਾਚਲ ’ਚ ਵੀ ਨੌਜਵਾਨਾਂ ਨੂੰ ਰੈਸਿਗ ਦੇ ਨਾਲ ਜੋੜਣਗੇ ਅਤੇ ਉਨਾਂ ਸਿਹਤ ਪ੍ਰਤੀ ਜਾਗਰੂਕ ਕਰਨਗੇ। ਉਨਾਂ ਕਿਹਾ ਕਿ ਹਿਮਾਚਲ ਵਿਚ ਖਲੀ ਕਲਾਸਿਕ ਦੇ ਨਾਮ ਹੇਠ ਚੈਂਪੀਅਨਸ਼ਿਪ ਵੀ ਕਰਵਾਈ ਜਾ ਰਹੀ ਹੈ, ਜੋ ਕਿ ਮੱਧ ਪ੍ਰਦੇਸ਼ ਤੋਂ ਇਲਾਵਾ ਲੁਧਿਆਣਾ ’ਚ ਵੀ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਖਲੀ ਕਲਾਸਿਕ ਪੂਰੇ ਭਾਰਤ ਵਿਚ ਸ਼ੁਰੂ ਹੋਵੇਗੀ, ਜਿਸਦਾ ਕਾਰਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਤੰਦਰੁਸਤ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਕਾਂਗਰਸੀ ਆਗੂ ਕੁਲਵੰਤ ਸਿੰਘ ਸਿੱਧੂ, ਐਕਟਿਵ ਐਂਟੀ ਕੁਰੱਪਸ਼ਨ ਦੇ ਪ੍ਰਧਾਨ ਰਮੇਸ਼ ਬਾਂਗੜ ਅਤੇ ਜਿੰਮ ਦੇ ਐਮ.ਡੀ ਸੰਦੀਪ ਸੋਨੀ ਨੇ ਗ੍ਰੇਟ ਖਲੀ ਨੂੰ ਜਿੰਮ ਵਿਚ ਆਉਣ ਤੇ ‘ਜੀ ਆਇਆਂ’ ਕਹਿੰਦਿਆਂ ਉਨਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਢੀਂਡਸਾ, ਧਰਮਿੰਦਰ ਕੁਮਾਰ, ਪਰਮਿੰਦਰ ਸਿੰਘ, ਮਨਦੀਪ ਸਿੰਘ ਸਿੱਧੂ,  ਬਿੱਟੂ ਪਾਲ, ਹਰਮਿੰਦਰ ਸਿੰਘ, ਗੌਰਵ ਕੁਮਾਰ, ਅਮਨਦੀਪ ਸਿੰਘ, ਸੋਨੀਆ ਸੋਨੀ, ਡੋਲੀ ਸੋਨੀ, ਨੀਸ਼ਾ ਮਹਿਰਾ, ਪੂਜਾ ਵਿਦਲਾਕ, ਇਸ਼ਪ੍ਰੀਤ ਕੌਰ, ਸੁਨੀਤਾ, ਸਤੀਸ਼ ਪੱਪੂ ਆਦਿ ਹਾਜ਼ਰ ਸਨ।