ਇੰਚਾਰਜ਼ ਜ਼ਿਲਾ ਤੇ ਸੈਸ਼ਨ ਜੱਜ ਨੇ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮੋਗਾ 24 ਮਈ (ਜਸ਼ਨ)-ਆਮ ਜਨਤਾ ਦੇ ਹੱਕਾਂ ਲਈ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਣਯੋਗ ਸ੍ਰੀ ਤਰਸੇਮ ਮੰਗਲਾ ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਅੱਜ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ੍ਰੀ ਤਰਸੇਮ ਮੰਗਲਾ ਨੇ ਦੱਸਿਆ ਕਿ ਇਸ ਮੋਬਾਈਲ ਵੈਨ ’ਤੇ 9 ਪੈਨਲ ਵਕੀਲ ਅਤੇ 14 ਸਿਖਿਅਤ ਪੈਰਾ ਲੀਗਲ ਵਲੰਟੀਅਰਜ਼ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਬੁਢਾਪਾ ਪੈਂਨਸ਼ਨ, ਸ਼ਗਨ ਸਕੀਮ, ਆਧਾਰ ਕਾਰਡ ਅਤੇ ਰਾਸ਼ਨ ਕਾਰਡ ਆਦਿ ਸਬੰਧੀ ਸਮੱਸਿਆਵਾਂ ਸੁਣਨਗੇ ਅਤੇ ਉਨਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਉਨਾਂ ਦੇ ਹੱਕਾਂ ਅਤੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਂਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਵੱਧ ਤੋਂ ਵੱਧ ਜਾਗਰੂਕ ਕਰਨਗੇ। ਉਨਾਂ ਦੱਸਿਆ ਕਿ ਇਸ ਮੋਬਾਈਲ ਵੈਨ ਬਾਰੇ ਜ਼ਿਲਾ ਬਲਾਕ ਤੇ ਪੰਚਾਇਤ ਅਫ਼ਸਰ ਅਤੇ ਸਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਇਹ ਮੋਬਾਈਲ ਵੈਨ ਮਿਥੇ ਸ਼ਡਿਊਲ ਅਨੁਸਾਰ ਹਰ ਰੋਜ ਮੋਗਾ ਜ਼ਿਲੇ ਦੇ ਦੋ ਵੱਖ-ਵੱਖ ਪਿੰਡਾਂ ਨੂੰ ਕਵਰ ਕਰੇਗੀ। ਇਸ ਮੌਕੇ ’ਤੇ ਸ੍ਰੀ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਇਹ ਮੋਬਾਈਲ ਵੈਨ ਮਿਤੀ 24 ਮਈ ਤੋਂ 30 ਮਈ, 2018 ਤੱਕ ਮੋਗਾ ਜ਼ਿਲੇ ਦੇ ਵੱਖ-ਵੱਖ 10 ਪਿੰਡਾਂ ਵਿੱਚ ਜਾ ਕੇ ਆਮ ਜਨਤਾ ਨੂੰ ਨਾਲਸਾ ਦੀਆਂ ਸਕੀਮਾਂ, ਮੁਫ਼ਤ ਕਾਨੂੰਨੀ ਸੇਵਾਵਾਂ, ਮੀਡੀਏਸ਼ਨ ਸੈਂਟਰ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ, ਮੁਫ਼ਤ ਕਾਨੂੰਨੀ ਸੇਵਾਵਾਂ ਟੋਲ ਫ਼ਰੀ ਹੈਲਪ-ਲਾਈਨ 1968, ਪੰਜਾਬ ਦੇ ਅਪਰਾਧ ਪੀੜਤਾਂ ਲਈ ਮੁਆਵਜ਼ਾ ਸਕੀਮ-2017 ਆਦਿ ਬਾਰੇ ਜਾਗਰੁਕ ਕਰੇਗੀ।ਉਨਾਂ ਦੱਸਿਆ ਕਿ 24 ਮਈ ਨੂੰ ਇਸ ਮੋਬਾਈਲ ਵੈਨ ’ਤੇ ਪੈਨਲ ਐਡਵੋਕੇਟ ਰਾਜੇਸ਼ ਸ਼ਰਮਾ ਅਤੇ ਚਿਤੁਲ ਗਰਗ ਦੀ ਡਿਊਟੀ ਲਗਾਈ ਗਈ ਹੈ। ਮੋਬਾਈਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਸਮੂਹ ਜੱਜ ਸਾਹਿਬਾਨ, ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਾਜਪਾਲ ਸ਼ਰਮਾ ਅਤੇ ਪੈਨਲ ਦੇ ਵਕੀਲ ਸਾਹਿਬਾਨ ਹਾਜ਼ਰ ਸਨ।


