ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ 1 ਜੂਨ ਨੂੰ ਸੰਗਤਾਂ ਬਰਗਾੜੀ ਪਹੁੰਚਣ-ਜਥੇਦਾਰ ਬਲਜੀਤ ਸਿੰਘ ਦਾਦੂਵਾਲ

ਨੱਥੂਵਾਲਾ ਗਰਬੀ , 24 ਮਈ (ਪੱਤਰ ਪਰੇਰਕ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਸ਼ਹੀਦ ਹੋਏ ਸਿੰਘਾਂ ਦੇ ਕਾਤਲਾਂ ਨੂੰ ਫੜਨ ਤੋਂ ਮੁਨਕਰ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ 1 ਜੂਨ ਨੂੰ ਸੰਗਤਾਂ ਵਹੀਰਾਂ ਘੱਤ ਕੇ ਬਰਗਾੜੀ ਪਹੁੰਚਣ। 

ਇੰਨਾ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਨਜ਼ਦੀਕੀ ਪਿੰਡ ਭਲੁੂਰ ਦੇ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖੇ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬੀਆਂ ਨਾਲ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ ਪਰ ਸੱਤਾ ਸੰਭਾਲਦੇ ਹੀ ਸਾਰੇ ਵਾਅਦੇ ਭੁਲਾ ਦਿੱਤੇ ਗਏ । ਇਸ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਸਾਰੀਆਂ ਸੰਗਤਾਂ ਏਕੇ ਦਾ ਸਬੂਤ ਦਿੰਦੀਆਂ ਹੋਈਆਂ ਇੱਕ ਝੰਡੇ ਥੱਲੇ ਇਕੱਤਰ ਹੋਣ  ਤਾਂ ਜੋ ਦੋਸ਼ੀਆਂ ਦੀ ਗਿ੍ਰਫਤਾਰੀ ਅਤੇ ਸਖਤ ਸਜਾਵਾਂ ਦਿਵਾਉਣ ਵਾਸਤੇ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਸਿੰਘਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਂਦੇ ਸਨ। ਉਹਨਾਂ ਦੱਸਿਆਂ ਕਿ ਸਿੱਖ ਕੌਮ ਨੂੰ ਨੀਵਾ ਦਿਖਾਉਣ ਵਾਸਤੇ ਸਿੱਖ ਦੋਖੀਆਂ ਵੱਲੋਂ ਬਹੁਤ ਹੀ ਘਟੀਆ ਹੱਥ ਕੰਡੇ ਅਪਣਾਏ ਜਾ ਰਹੇ ਹਨ ਜਿੰਨਾਂ ਤੋਂ ਸੰਗਤਾਂ ਨੂੰ ਸੁਚੇਤ ਹੋਣਾ ਬਹੁਤ ਜਰੂਰੀ ਹੈ । ਬਰਗਾੜੀ,ਮੱਲਕੇ ਆਦਿ ਪਿੰਡਾਂ ਵਿੱਚ ਗੁਰੂੁ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀ ਤਾਂ ਫੜੇ ਨਹੀ ਗਏ ਬਲਕਿ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂੁ ਸਾਹਿਬ ਦੇ ਅੰਗਾਂ ਦੀ ਬੇਅਦਬੀ ਜਾਰੀ ਹੈ ਜਿਸ ਤੋਂ ਇਹ ਸ਼ਪੱਸ਼ਟ ਹੋ ਜਾਂਦਾ ਹੈ ਕਿ ਸਮੇ ਦੀਆਂ ਸਰਕਾਰਾਂ ਕੌਮ ਦੇ ਮਸਲੇ ਹੱਲ ਕਰਨ ਦੀ ਬਜਾਏ ਏਜੰਸੀਆਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ ।ਇਸ ਸਮੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਵਾਹਲਾ ਨੇ ਜਿੱਥੇ ਜਥੇਦਾਰ ਸਾਹਿਬ ਨੂੰ ਜੀ ਆਇਆਂ ਆਖਿਆਂ ਉੱਥੇ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੇ ਗੁਰੂੁ ਘਰ ਦੇ ਗ੍ਰੰਥੀ ਬਾਜ਼ ਸਿੰਘ ਵੱਲੋਂ ਜਥੇਦਾਰ ਸਾਹਿਬ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ।ਇਸ ਮੌਕੇ ਤੇ ਭਾਈ ਰਣਧੀਰ ਸਿੰਘ,ਭਾਈ ਖੜਕ ਸਿੰਘ,ਭਾਈ ਮੱਖਣ ਸਿੰਘ ,ਭਾਈ ਸੁਖਪਾਲ ਸਿੰਘ,ਭਾਈ ਗੁਰਸੇਵਕ ਸਿੰਘ,ਭਾਈ ਸੁਖਦੇਵ ਸਿੰਘ,ਸੁਖਜਿੰਦਰ ਸਿੰਘ,ਲਖਵੀਰ ਸਿੰਘ,ਰਾਜਵਿੰਦਰ ਸਿੰਘ ਆਦਿ ਤੋਂ ਇਲਾਵਾ ਨਗਰ ਭਲੂਰ ਦੀਆਂ ਸੰਗਤਾਂ ਹਾਜ਼ਰ ਸਨ।
ਕੈਪਸ਼ਨ(24ਮੋਗਾਰਾਜਵੀਰ1)-ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਅਤੇ ਹਾਜਰ ਸੰਗਤਾਂ।