ਬਾਘਾਪੁਰਾਣਾ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਕੀਤਾ ਕਬਜ਼ੇ ’ਚ, ਟਰੱਕ ਡਰਾਈਵਰ ਗਿ੍ਰਫਤਾਰ

ਬਾਘਾਪੁਰਾਣਾ ,26 ਮਈ (ਜਸ਼ਨ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਬਾਘਾਪੁਰਾਣਾ ਪੁਲਿਸ ਨੇ ਸ਼ਰਾਬ ਨਾਲ ਭਰਿਆ ਟਰੱਕ ਕਬਜ਼ੇ ਵਿਚ ਲੈ ਕੇ ਉਸ ਦੇ ਡਰਾਈਵਰ ਨੂੰ ਗਿ੍ਰਫਤਾਰ ਕਰ ਲਿਆ। ਟਰੱਕ ਦੇ ਮਾਲਕ ਬਾਰੇ ਪਤਾ ਲਗਾਉਣ ਲਈ ਯਤਨ ਜਾਰੀ ਹਨ। ਟਰੱਕ ਵਿਚ 1200-1500 ਪੇਟੀਆਂ ਚੁਆਇਸ ਦੀਆਂ ਹੋਣ ਦਾ ਖਦਸ਼ਾ ਹੈ। ਐਸ.ਐਚ.ਓ. ਜੇ.ਐਸ. ਰੰਧਾਵਾ ਦੇ ਦੱਸਣ ਮੁਤਾਬਿਕ ਉਨਾਂ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਇਹ ਟਰੱਕ ਰੋਕਿਆ ਤੇ ਤਲਾਸ਼ੀ ਲੈਣ ਤੇ ਸ਼ਰਾਬ ਬਰਾਮਦ ਹੋਈ। ਇਹ ਵੀ ਪਤਾ ਲੱਗਾ ਕਿ ਟਰੱਕ ਡਰਾਈਵਰ ਨੇ ਟਰੱਕ ਨੂੰ ਭਜਾ ਕੇ ਲਿਜਾਣ ਦੀ ਕੋਸ਼ਿਸ ਕੀਤੀ, ਪਰ ਤਦ ਤੱਕ ਸ਼ਰਾਬ ਦੇ ਲੋਕਲ ਠੇਕੇਦਾਰ ਟਰੱਕ ਦੇ ਟਾਇਰਾਂ ਦੀ ਹਵਾ ਕੱਢ ਚੁੱਕੇ ਹਨ। ਠੇਕੇਦਾਰਾਂ ਜੱਸੀ ਮਾਣੂੰਕੇ ਨੇ ਦੱਸਿਆ ਕਿ ਨਾਜਾਇਜ ਸ਼ਰਾਬ ਵੇਚਣ ਦਾ ਇਹ ਵਰਤਾਰਾ ਕਾਫੀ ਸਮੇਂ ਤੋਂ ਜਾਰੀ ਸੀ, ਪਰ ਉਨਾਂ ਵੱਲੋਂ ਲਗਾਤਾਰ ਬਾਜ ਨਿਗਾਹ ਹੱਥੋਂ ਜਾਣ ਸਦਕਾ ਅੱਜ ਪੁਲਿਸ ਦੀ ਸਹਾਇਤਾ ਨਾਲ ਇਹ ਸਭੰਵ ਹੋ ਸਕਿਆ ਹੈ। ਪੁਲਿਸ ਵੱਲੋਂ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਸ਼ਰਾਬ ਦਾ ਭਰਿਆ ਟਰੱਕ ਸ਼ਾਹਕੋਟ ਜਾ ਰਿਹਾ ਸੀ, ਜਿੱਥੇ ਜ਼ਿਮਨੀ ਚੋਣ ਵਿਚ ਇਹ ਸ਼ਰਾਬ ਪਿਆਕੜਾਂ ਨੂੰ ਵਰਤਾਈ ਜਾਣੀ ਸੀ, ਪਰ ਇਹ ਸਾਫ ਨਹੀਂ ਹੋ ਸਕਿਆ ਕਿ ਟਰੱਕ ਕਿਸ ਪਾਰਟੀ ਨਾਲ ਸਬੰਧਿਤ ਹੈ। ਲੋਕਲ ਠੇਕੇਦਾਰ ਦਾ ਆਖਣਾ ਹੈ ਕਿ ਬਾਘਾਪੁਰਾਣਾ ਇਲਾਕੇ ਵਿਚ ਸ਼ਰਾਬ  ਦੇ ਤਸਕਰ ਇਹ ਪੇਟੀਆਂ ਸਸਤੇ ਭਾਅ ਵੇਚਦੇ ਸਨ, ਜਿਸ ਕਰਕੇ ਉਨਾਂ ਨੂੰ ਸਰਕਾਰੀ ਭਾਅ ਤੇ ਸ਼ਰਾਬ ਵੇਚਣ ਨਾਲ ਨੁਕਸਾਨ ਉਠਾਣਾ ਪੈ ਰਿਹਾ ਸੀ।