ਕਾਂਗਰਸ ਸ਼ਾਹਕੋਟ ਦੀ ਜ਼ਿਮਨੀ ਚੋਣ ਮਾਣਮੱਤੇ ਅੰਦਾਜ਼ ਨਾਲ ਜਿੱਤੇਗੀ -ਪਰਮਿੰਦਰ ਕੌਰ ਸਹੋਤਾ

ਮੋਗਾ, 27 ਮਈ (ਜਸ਼ਨ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਦੀਚੋਣ ਮੁਹਿੰਮ ਨੂੰ ਸਿਖਰਾਂ ’ਤੇ ਪਹੰੁਚਾਉਣ ਲਈ ਮੋਗਾ ਜ਼ਿਲੇ ਨਾਲ ਸਬੰਧਤ ਤਿੰਨੇ ਵਿਧਾਇਕ ਅਤੇ ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਮਹਿਲਾ ਕਾਂਗਰਸ ਦੀਆਂ ਵੱਖ ਵੱਖ ਆਗੂਆਂ ਨੇ ਘਰ ਘਰ ਜਾ ਕੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂੰ ਕਰਵਾਉਣ ਦੀ ਨੀਤੀ ਸਦਕਾ ਲਾਡੀ ਦੀਜਿੱਤ ਯਕੀਨੀ ਹੋ ਗਈ ਹੈ ।  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ  ਮਹਿਲਾ ਵਿੰਗ ਦੀ ਮੀਤ ਪ੍ਰਧਾਨ ਪਰਮਿੰਦਰ ਕੌਰ ਸਹੋਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਬੀਬੀ ਸਹੋਤਾ ਨੇ ਆਖਿਆ ਕਿ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ  ਤੋਂ ਹਰ ਵਰਗ ਪੂਰੀ ਤਰਾਂ ਸੰਤੁਸ਼ਟ ਹੈ ਇਸੇ ਕਰਕੇ ਨਾ ਸਿਰਫ਼ ਕਾਂਗਰਸ ਸ਼ਾਹਕੋਟ ਦੀ ਜ਼ਿਮਨੀ ਚੋਣ ਮਾਣਮੱਤੇ ਅੰਦਾਜ਼ ਨਾਲ ਜਿੱਤੇਗੀ ਬਲਕਿ 2019 ਦੀਆਂ ਲੋਕ ਸਭਾ ਚੋਣਾ ਦੌਰਾਨ ਹੂੰਝਾਫੇਰ ਜਿੱਤ ਹਾਸਲ ਕਰਦਿਆਂ ਕੇਂਦਰ ਵਿਚ ਆਪਣੀ ਸਰਕਾਰ ਬਣਾਏਗੀ।