ਸ਼ਹੀਦ ਅਵਤਾਰ ਸਿੰਘ ਕਪੂਰੇ ਦੀ 17ਵੀਂ ਬਰਸੀ ’ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ਮੋਗਾ, 28 ਮਈ (ਜਸ਼ਨ)- ਜੰਮੂ ਕਸ਼ਮੀਰ ਵਿਖੇ 25 ਮਈ 2001 ਨੂੰ ਦੁਸ਼ਮਣਾ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀਣ ਵਾਲੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਸਲਾਨਾ 17ਵੀਂ ਬਰਸੀ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਕਪੂਰੇ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ 19 ਮਈ ਨੂੰ ਅਰੰਭ ਕੀਤੇ ਸ਼੍ਰੀ ਸਹਿਜ ਪਾਠ ਦਾ ਭੋਗ 27 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਗੋਬਿੰਦਗੜ ਸਾਹਿਬ ਪਿੰਡ ਕਪੂਰੇ ਵਿਖੇ ਪਾਇਆ ਗਿਆ।
ਸ਼ਹੀਦੀ ਸਮਾਗਮ ਵਿੱਚ ਸ਼ਰਧਾਂਜਲੀ ਦੇਣ ਲਈ ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ, ਸੀ.ਆਰ.ਪੀ.ਐਫ਼. ਜਲੰਧਰ ਤੋਂ ਅਸਿਸਟੈਂਟ ਕਮਾਡੈਂਟ ਸ. ਕੁਲਵੰਤ ਸਿੰਘ ਆਪਣੀ ਟੀਮ ਸਮੇਤ, ਡਿਪਟੀ ਕਮਿਸ਼ਨਰ ਮੋਗਾ ਵਲੋਂ ਲਖਵਿੰਦਰ ਸਿੰਘ ਤਹਿਸੀਲਦਾਰ ਮੋਗਾ, ਰੁਰਲ ਐਨ.ਜੀ.ਓ. ਮਹਿੰਦਰਪਾਲ ਲੂੰਬਾ, ਹਰਜਿੰਦਰ ਸਿੰਘ ਚੁਗਾਵਾਂ, ਸਾਬਕਾ ਫੌਜੀ, ਸ਼ਹੀਦ ਦੇ ਰਿਸ਼ਤੇਦਾਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਅਮਰ ਸਿੰਘ ਵੈਲਫੇਅਰ ਕਲੱਬ ਕਪੂਰੇ ਵਲੋਂ ਆਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਪਾਠ ਦੇ ਭੋਗ ਉਪਰੰਤ ਬਾਬਾ ਅੱਛਰ ਸਿੰਘ ਜੀ ਕਪੂਰੇ ਵਾਲਿਆਂ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਅਸਿਸਟੇਂਟ ਕਮਾਂਡੇਟ ਕੁਲਵੰਤ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਨੇ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਪਿੰਡ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸੀ.ਆਰ.ਪੀ.ਐਫ. ਹਰ ਤਰਾਂ ਨਾਲ ਸ਼ਹੀਦ ਦੇ ਪਰਿਵਾਰ ਦਾ ਸਹਿਯੋਗ ਕਰੇਗੀ। ਇਸ ਦੌਰਾਨ ਐਮ.ਐਲ.ਏ. ਡਾ. ਹਰਜੋਤ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸ਼ਹੀਦਾਂ ਦੇ ਦਿਨ ਮਨਾਉਣੇ ਚਾਹੀਦੇ ਹਨ, ਜਿਸ ਨਾਲ ਨੌਜਵਾਨ ਪੀੜੀ ਨੂੰ ਦੇਸ਼ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋ ਸਕੇ ਅਤੇ ਸ਼ਹੀਦਾ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਚਾਹੀਦਾ ਹੈ ਜੋ ਸਾਡੇ ਵਲੋਂ ਉਨਾਂ ਨੂੰ ਸੱਚੀ ਸਰਧਾਂਜਲੀ ਹੋਵਗੀ। ਇਸ ਦੌਰਾਨ ਮਹਿੰਦਰਪਾਲ ਲੂੰਬਾ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਜਰੂਰ ਸ਼ਹੀਦਾ ਬਾਰੇ ਦੱਸਣਾ ਚਾਹੀਦਾ ਹੈ ਤਾਂਕਿ ਉਨਾਂ ਨੂੰ ਸ਼ਹੀਦ ਦੇ ਜੀਵਨ ਵਿੱਚੋਂ ਪ੍ਰੇਰਣਾ ਮਿਲ ਸਕੇ ਅਤੇ ਉਹ ਵੀ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਆਪਣਾ ਯੋਗਦਾਨ ਦੇਣ। ਇਸ ਮੌਕੇ ਤੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਵਿੱਚ ਲਗਾਏ ਗਏ ਸ਼ਹੀਦ ਦੇ ਆਦਮ ਬੁੱਤ ਤੇ ਮੁੱਖ ਮਹਿਮਾਨਾਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਸਟੇਜ ਸੈਕਟਰੀ ਦੀ ਭੂਮਿਕਾ ਮਦਨ ਲਾਲ ਸਿੰਗਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਡਾ. ਸੁਰਜੀਤ ਸਿੰਘ ਦੌਧਰ, ਸਾਬਕਾ ਸਰਪੰਚ ਗੁਰਚਰਨ ਸਿੰਘ, ਇਕਬਾਲ ਸਿੰਘ ਮਾਂਗਟ, ਮੈਡਮ ਪਰਮ ਕਪੂਰੇ, ਚਮਕੌਰ ਸਿੰਘ ਕੌਰਾ, ਦਲਜੀਤ ਸਿੰਘ ਹੁਸੈਨਾਬਾਦ, ਹਰਦੇਵ ਸਿੰਘ ਫਗਵਾੜਾ, ਮਨਜੀਤ ਕੁੱਸਾ, ਹਰਭਜਨ ਸਿੰਘ ਆਦੇਕਾਲੀ, ਕੁਲਜਿੰਦਰ ਸਿੰਘ ਕਪੂਰੇ, ਜਗਸੀਰ ਸੀਰਾ ਲੰਢੇਕੇ, ਗੁਰਵਿੰਦਰ ਸਿੰਘ ਦੌਲਤਪੁਰਾ, ਮਾ. ਗੁਰਦਿੱਤ ਸਿੰਘ, ਅਮਿ੍ਰਤ ਕਪੂਰੇ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ।


