ਪ੍ਰਾਇਮਰੀ ਅਧਿਆਪਕਾਂ ਦੀ ਮਿਹਨਤ ਸਦਕਾ ਜ਼ਿਲਾ ਮੋਗਾ ਨੇ ਪ੍ਰਾਪਤ ਕੀਤੇ ਸ਼ਾਨਦਾਰ ਨਤੀਜੇ-ਗੁਰਦਰਸ਼ਨ ਸਿੰਘ ਬਰਾੜ, ਜਸਪਾਲ ਸਿੰਘ ਔਲਖ

ਮੋਗਾ, 28 ਮਈ (ਜਸ਼ਨ): ਪੰਜਾਬ ਸਰਕਾਰ ਦੁਆਰਾ ਪ੍ਰਾਇਮਰੀ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਲਈ ਕਈ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਕੜੀ ਤਹਿਤ ਅਗਸਤ, 2017 ਤੋਂ ‘ਪੜੋ ਪੰਜਾਬ ਪੜਾਓ ਪੰਜਾਬ‘ ਪ੍ਰੋਜੈਕਟ ਨੂੰ ਸਾਰੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੂਰੀ ਸੁਹਿਰਦਤਾ ਨਾਲ ਲਾਗੂ ਕੀਤਾ ਗਿਆ ਹੈ। ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਟੇਟ ਕੋ-ਆਰਡੀਨੇਟਰ ਦਵਿੰਦਰ ਸਿੰਘ ਬੋਹਾ ਦੀ ਯੋਗ ਅਗਵਾਈ ਸਦਕਾ ‘ਪੜੋ ਪੰਜਾਬ ਪੜਾਓ ਪੰਜਾਬ‘ ਟੀਮ ਦੇ ਸਾਰੇ ਮੈਂਬਰਾਂ ਵੱਲੋਂ ਇਸ ਤਰਾਂ ਦੀ ਯੋਜਨਾਬੰਦੀ ਕੀਤੀ ਗਈ ਕਿ ਪੰਜਾਬ ਦੇ ਹਰੇਕ ਵਿਦਿਆਰਥੀ ਦੇ ਵਿਸ਼ਾਵਾਰ ਪੱਧਰ ਨੂੰ ਜਾਂਚ ਕੇ ਉਸ ਅਨੁਸਾਰ ਹੀ ਸਿੱਖਿਆ ਦੇ ਪੱਧਰ ਨੂੰ ਪ੍ਰਾਪਤ ਕਰਨ ਲਈ ਯਤਨ ਕੀਤੇ ਜਾਣ। ਇਸ ਪ੍ਰੋਜੈਕਟ ਤਹਿਤ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਸਿੱਖਣ ਸਿਖਾਉਣ ਦੀਆਂ ਖੇਡ ਅਤੇ ਕਿਰਿਆਤਮਕ ਵਿਧੀਆਂ ਦੀ ਸਿਖਲਾਈ ਦੇ ਕੇ  ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਅਨੁਸਾਰ ਨਵੀਆਂ ਤਕਨੀਕਾਂ ਨਾਲ ਸਿੱਖਿਅਤ ਕਰਨ ਦੇ ਯਤਨ ਲਗਾਤਾਰ ਜਾਰੀ ਹਨ।ਜ਼ਿਲਾ ਮੋਗਾ ਅੰਦਰ ‘ਪੜੋ ਪੰਜਾਬ ਪੜਾਓ ਪੰਜਾਬ‘ ਤਹਿਤ ਅਗਸਤ 2017 ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦੀ ਮੁੱਢਲੀ ਜਾਂਚ ਕੀਤੀ ਗਈ, ਜੋ ਸੰਤੋਖਜਨਕ ਨਹੀਂ ਸੀ। ਇਸ ਤੋਂ ਬਾਅਦ ਜ਼ਿਲਾ ਪੱਧਰ ‘ਤੇ ਜ਼ਿਲਾ ਸਿੱਖਿਆ ਅਫ਼ਸਰ ਸ. ਗੁਰਦਰਸ਼ਨ ਸਿੰਘ ਬਰਾੜ, ਉੱਪ ਜ਼ਿਲਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲਾ ਕੋ-ਆਰਡੀਨੇਟਰ ‘ਪੜੋ ਪੰਜਾਬ ਪੜਾਓ ਪੰਜਾਬ‘ ਸੁਖਦੇਵ ਸਿੰਘ ਅਰੋੜਾ, ਬਲਾਕ ਪੱਧਰ ‘ਤੇ  ਬੀ.ਪੀ.ਈ.ਓ. ਕੁਲਦੀਪ ਕੌਰ, ਸੁਰਿੰਦਰ ਕੁਮਾਰ, ਜਸਵੀਰ ਕੌਰ, ਹਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲਾ ਮੋਗਾ ਦੀ ਸਮੁੱਚੀ ‘ਪੜੋ ਪੰਜਾਬ ਪੜਾਓ ਪੰਜਾਬ‘ ਟੀਮ ਨੇ ਹਰੇਕ ਬਲਾਕ ਵਿੱਚ ਅਧਿਆਪਕਾਂ ਨੂੰ ਸਹਿਯੋਗ ਦੇ ਕੇ ਸਕੂਲਾਂ ਵਿੱਚ ਨਵੀਆਂ ਵਿਧੀਆਂ ਅਤੇ ਸਹਾਇਕ ਸਮੱਗਰੀ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਭਰਪੂਰ ਮਿਹਨਤ ਕਰਵਾਈ। ਇਸ ਮਿਹਨਤ ਦਾ ਨਤੀਜਾ ਮਾਰਚ, 2018 ਨੂੰ ਅੰਤਿਮ ਜਾਂਚ ਸਮੇਂ ਦੇਖਣ ਨੂੰ ਮਿਲਿਆ। ਜਾਂਚ ਉਪਰੰਤ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਬਹੁਤ ਜ਼ਿਆਦਾ ਪ੍ਰਗਤੀ ਹੋਈ।ਜ਼ਿਲਾ ਸਿੱਖਿਆ ਅਫ਼ਸਰ ਸ. ਗੁਰਦਰਸ਼ਨ ਸਿੰਘ ਬਰਾੜ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਨੇ ਦੱਸਿਆ ਕਿ ‘ਪੜੋ ਪੰਜਾਬ ਪੜਾਓ ਪੰਜਾਬ‘ ਦਾ ਮਕਸਦ ਪੜਾਈ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਵਿਦਿਆਰਥੀ ਕੇਂਦਰਿਤ ਕਰਕੇ ਬਿਨਾਂ ਕਿਸੇ ਬੋਝ ਪਾਏ ਉਨਾਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੈ। ਉਨਾਂ ਦੱਸਿਆ ਕਿ ਇਸ ਮਕਸਦ ਦੀ ਪੂਰਤੀ ਲਈ ਟੀਮ ਵੱਲੋਂ ਅਧਿਆਪਕਾਂ ਨੂੰ ਅਗਵਾਈ ਦੇ ਕੇ ਜ਼ਿਲਾ ਭਰ ਵਿੱਚ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸਮਾਰਟ ਕਲਾਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ। ਪਹਿਲੇ ਪੱਧਰ ‘ਤੇ ਸਮਾਰਟ ਕਲਾਸਰੂਮ ਵਾਲੇ ਸਕੂਲਾਂ ਦੀ ਗਿਣਤੀ 9 ਸੀ, ਪ੍ਰੰਤੂ ‘ਪੜੋ ਪੰਜਾਬ ਪੜਾਓ ਪੰਜਾਬ‘ ਟੀਮ ਵੱਲੋਂ ਅਧਿਆਪਕਾਂ ਨੂੰ ਉਤਸ਼ਾਹਿਤ ਕੀਤੇ ਜਾਣ ਤੋਂ ਬਾਅਦ ਮੌਜੂਦਾ ਸਮੇਂ ਸਮਾਰਟ ਕਲਾਸਰੂਮ ਵਾਲੇ ਸਕੂਲਾਂ ਦੀ ਗਿਣਤੀ 54 ਹੋ ਗਈ ਹੈ। ਉਨਾਂ ਦੱਸਿਆ ਕਿ 3 ਤੋਂ 6 ਸਾਲ ਦੇ ਛੋਟੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਲਈ ਜ਼ਿਲੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਤਹਿਤ ਖੇਡ ਮਹਿਲ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨਾਂ ਇਹ ਵੀ ਦੱਸਿਆ ਕਿ ਖੇਡ ਮਹਿਲ ਉਨਾਂ ਲਈ ਵਰਦਾਨ ਸਾਬਿਤ ਹੋਇਆ ਹੈ ਜੋ ਆਪਣੇ ਬੱਚਿਆਂ ਨੂੰ ਮਹਿੰਗੇ ਮਾਡਲ ਸਕੂਲਾਂ ਵਿੱਚ ਨਰਸਰੀ ਜਮਾਤਾਂ ਵਿੱਚ ਨਹੀਂ ਲਗਾ ਸਕਦੇ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ‘ਪੜੋ ਪੰਜਾਬ ਪੜਾਓ ਪੰਜਾਬ‘ ਤਹਿਤ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਸੁੰਦਰ ਲਿਖਾਈ, ਸ਼ੁੱਧ ਪੜਣ ਅਤੇ ਪਹਾੜਿਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ‘ਪੜੋ ਪੰਜਾਬ ਪੜਾਓ ਪੰਜਾਬ‘ ਪ੍ਰੋਜੈਕਟ ਦਾ ਮੁੱਖ ਮਕਸਦ ਪੜਾਈ ਨੂੰ ਗਤੀਵਿਧੀ ਆਧਾਰਿਤ ਅਤੇ ਬਾਲ ਕੇਂਦਰਿਤ ਕਰਕੇ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਵਿਦਿਆਰਥੀਆਂ ਦਾ ਸਰੀਰਿਕ, ਭਾਸ਼ਾਈ, ਬੌਧਿਕ, ਸਮਾਜਿਕ, ਭਾਵਨਾਤਮਿਕ ਅਤੇ ਰਚਨਾਤਿਮਕ ਵਿਕਾਸ ਕਰਵਾਉਂਦੇ ਹੋਏ ਭਵਿੱਖ ਦੇ ਸਮਾਜ ਨੂੰ ਉਜਵੱਲ ਬਣਾਉਣਾ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ