‘‘ਕੈਰੀ ਆਨ ਜੱਟਾ’’ਕਹਿ ਕੇ ਸ: ਤਿਰਪਤ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਹਕੋਟ ‘ਚ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਦੀ ਦਿੱਤੀ ਵਧਾਈ

ਚੰਡੀਗੜ, 31ਮਈ(ਪੱਤਰ ਪਰੇਰਕ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਹੋਈ ਹੂੰਝਾਫੇਰ ਜਿੱਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਲੋਕਪੱਖੀ ਨੀਤੀਆਂ ਦੀ ਜਿੱਤ ਦਸਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਤੀਜੀ ਲੱਕ ਤੋੜਵੀਂ ਹਾਰ ਦੇ ਕੇ ਸੁਖਬੀਰ ਬਾਦਲ-ਬਿਕਰਮ ਮਜੀਠੀਆ ਦੀ ਲੀਡਰਸ਼ਿਪ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਚੋਣ ਨੇ ਆਮ ਆਦਮੀ ਪਾਰਟੀ ਦਾ ਵੀ ਸੂਬੇ ਵਿਚੋਂ ਪੂਰੀ ਤਰਾਂ ਭੋਗ ਪਾ ਦਿੱਤਾ ਹੈ ਅਤੇ ਇਸ ਪਾਰਟੀ ਦੇ ਆਗੂਆਂ ਨੂੰ ਹੁਣ ਸਰਕਾਰ ਦੀ ਨੁਕਤਾਚੀਨੀ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਰਹਿ ਗਿਆ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਚੋਣ ਪੰਜਾਬ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉੱਤੇ ਲੜੀ ਸੀ ਅਤੇ ਇਸ ਦੇ ਨਤੀਜੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ‘‘ਮਿੱਤਰਾਂ ਦਾ ਨਾਂ ਚੱਲਣ’’ ਦੀ ਕਹਾਵਤ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ। ਉਹਨਾਂ ਕਿਹਾ ਕਿ ਸੁਖਬੀਰ-ਮਜੀਠੀਆ ਦੀ ਜੋੜੀ ਨੇ ਇਸ ਹਲਕੇ ਵਿਚ ਦਸ ਦਿਨ ਡੇਰੇ ਲਾ ਕੇ ਦਰਜਨਾਂ ਰੈਲੀਆਂ ਕੀਤੀਆਂ ਅਤੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਪਰ ਹਲਕੇ ਦੇ ਵੋਟਰਾਂ ਨੇ ਉਹਨਾਂ ਦੇ ਕੂੜ ਪ੍ਰਚਾਰ ਉੱਤੇ ਬਿਲਕੁਲ ਵੀ ਕੰਨ ਨਹੀਂ ਧਰਿਆ। ਸ਼੍ਰੀ ਬਾਜਵਾ ਨੇ ਕਿਹਾ ਕਿ ਭਾਂਵੇਂ ਕੈਪਟਨ ਅਮਰਿੰਦਰ ਸਿੰਘ ਹਲਕੇ ਵਿਚ ਸਿਰਫ਼ ਇੱਕ ਦਿਨ ਰੋਡ ਸ਼ੋਅ ਕਰਨ ਹੀ ਆਏ ਸਨ, ਪਰ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਦੀ 38801 ਵੋਟਾਂ ਦੇ ਵੱਡੇ ਫਰਕ ਨਾਲ ਹੋਈ ਜਿੱਤ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿਚ ਅੱਜ ਵੀ ਉਹਨਾਂ ਦੇ ਨਾਂ ਦਾ ਸਿੱਕਾ ਚਲਦਾ ਹੈ। ਸ਼੍ਰੀ ਬਾਜਵਾ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ‘‘ਕੈਰੀ ਆਨ ਜੱਟਾ’’ ਕਹਿ ਕੇ ਕਾਂਗਰਸ ਪਾਰਟੀ ਨੂੰ ਮਿਲੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੀ ਅਗਵਾਈ ਵਿਚ ਅਗਲੇ ਵਰੇ ਹੋਣ ਵਾਲੀ ਲੋਕ ਸਭਾ ਚੋਣ ਵਿਚ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਉੱਤੇ ਬੜੀ ਸ਼ਾਨ ਨਾਲ ਜਿੱਤੇਗੀ।


