ਧੋਖੇਬਾਜ਼ ਵਿਦੇਸ਼ੀ ਲਾੜਿਆਂ ’ਤੇ ਕੇਂਦਰ ਸਰਕਾਰ ਨੇ ਕੱਸਿਆ ਸ਼ਿਕੰਜਾ,ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਆਖਿਆ,‘ਕੁੜੀਆਂ ਨੂੰ ਧੋਖਾ ਦੇਣ ਵਾਲੇ ਲਾੜਿਆਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ’

ਚੰਡੀਗੜ੍ਹ 1 ਜੂਨ, (ਜਸ਼ਨ)- ਦੇਸ਼ ਵਿਚ ਵੱਸਦੀਆਂ ਖਾਸਕਰ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਨ ਮਗਰੋਂ ਵਿਦੇਸ਼ੀ ਲਾੜਿਆਂ ਵੱਲੋਂ ਧੋਖਾ ਦੇਣ ਦੇ ਮਾਮਲਿਆਂ ਠੱਲ ਪਾਉਣ ਲਈ ਕੇਂਦਰੀ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਈ ਨਵੇਂ ਕਦਮ ਚੁੱਕੇ ਗਏ ਹਨ ਅੱਜ ਚੰਡੀਗੜ ਵਿਖੇ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਸੰਜੇ ਗਾਂਧੀ ਨੇ ਕਿਹਾ ਕਿ ਗੈਰ ਵਸਨੀਕ ਕਈ ਭਾਰਤੀਆਂ ਵੱਲੋਂ ਦੇਸ਼ ਖਾਸਕਰ ਪੰਜਾਬ ਦੀਆਂ ਕੁੜੀਆਂ ਨੂੰ ਵਿਦੇਸ਼ ਲਿਜਾਣ ਦਾ ਲਾਲਚ ਦੇ ਕੇ ਵਿਆਹ ਕਰਨ ਮਗਰੋਂ ਧੋਖਾ ਦੇਣ ਦਾ ਪ੍ਰਚਲਨ ਕਾਫ਼ੀ ਦੇਰ ਤੋਂ ਚੱਲ ਰਿਹਾ ਸੀ ਪਰ ਹੁਣ ਅਜਿਹੇ ਕੇਸਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਬਣਾਈ ਕਮੇਟੀ ਵਿਚ ਇਸਤਰੀ ਅਤੇ ਬਾਲ ਵਿਕਾਸ ਵਿਭਾਗ ,ਵਿਦੇਸ਼ ਮੰਤਰਾਲਾ ਅਤੇ ਗ੍ਰੁਹਿ ਮੰਤਰਾਲੇ ਸੰਯੁਕਤ ਸਕੱਤਰਾਂ ਤੋਂ ਇਲਾਵਾ ਕਾਨੂੰਨੀ ਖੇਤਰ ਦੀਆਂ ਦੋ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਾਹਰਲੇ ਮੁਲਕ ਤੋਂ ਵਿਆਹ ਕਰਨ ਆਏ ਕਿਸੇ ਵੀ ਲਾੜੇ ਦੇ ਧੋਖੇਬਾਜ਼ ਹੋਣ ਦੀ ਸ਼ੰਕਾਂ ਪਾਏ ਜਾਣ ‘ਤੇ ਪੀੜਤ ਔਰਤਾਂ ਇਸ ਕਮੇਟੀ ਨੂੰ Min_wcd@nic.in  ਮੇਲ ਜਾਂ 181 ਨੰਬਰ ’ਤੇ ਸੂਚਿਤ ਕਰ ਸਕਦੀਆਂ ਨੇ। ਕਮੇਟੀ ਇਸ ਤੇ ਕਾਰਵਾਈ ਕਰਦਿਆਂ ਉਸ ਲਾੜੇ ਜਾਂ ਪਤੀ ਨੂੰ ਵਿਦੇਸ਼ ਜਾਣ ਤੋਂ ਰੋਕ ਸਕੇਗੀ। ਸ਼੍ਰੀਮਤੀ ਗਾਂਧੀ ਨੇ ਕਿਹਾ ਕਿ ਹਾਲ ਦੀ ਘੜੀ ਪੰਜਾਬੀ ਕੁੜੀਆਂ ਨਾਲ ਵਿਆਹ ਉਪਰੰਤ ਵਿਦੇਸ਼ ਤੋਂ ਵਾਪਸ ਨਾ ਪਰਤਣ ਵਾਲੇ ਪਤੀਆਂ ਵੱਲੋਂ ਮੁਕੱਦਮੇਂ ਦੇ ਸੰਮਨਾਂ ਦੀ ਤਾਮੀਲ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਇਸ ਦਾ ਹੱਲ ਕੱਢ ਲਿਆ ਗਿਆ ਹੈ । ਉਹਨਾਂ ਦੱਸਿਆ ਕਿ ਸਾਰੇ ਪ੍ਰਵਾਸੀ ਭਾਰਤੀਆਂ ਦਾ ਡਾਟਾ ਇਕੱਠਾ ਕਰਕੇ ਇਕ ਵੈਬਸਾਈਟ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਸਮੰਣ ਇਸ ਸਾਈਟ ’ਤੇ ਪਾ ਦਿੱਤੇ ਜਾਣਗੇ। ਸਾਈਟ ’ਤੇ ਲੋਡ ਹੁੰਦਿਆਂ ਹੀ ਮੁਲਜ਼ਿਮ ਵੱਲੋਂ ਸੰਮਨ ਪ੍ਰਾਪਤ ਕੀਤੇ ਮੰਨੇ ਜਾਣਗੇ। ਉਹਨਾਂ ਸਖਤ ਲਹਿਜ਼ੇ ਵਿਚ ਆਖਿਆ ਕਿ ਜੇ ਉਹ ਫਿਰ ਵੀ ਅਮਲ ਨਹੀਂ ਕਰਦੇ ਤਾਂ ਉਹਨਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਦੀਆਂ ਨੇ।  ਸ਼੍ਰੀਮਤੀ ਗਾਧੀ ਨੇ ਆਖਿਆ ਕਿ ਇਸਤਰੀ ਪੁਲਿਸ ਮੁਲਾਜ਼ਮਾਂ ਦੀ ਨਫਰੀ 33 ਫੀਸਦੀ ਯਕੀਨੀ ਬਣਾਉਣ ਲਈ 10 ਸੂਬਿਆਂ ਵਿਚ ਇਸਤਰੀ ਕਾਂਸਟੇਬਲਾਂ ਅਤੇ ਪੁਲਿਸ ਅਫਸਰਾਂ ਦੀ ਨਫ਼ਰ ਵਧਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ