ਰੇਲ ਗੱਡੀ ਨੂੰ ਅੱਗ ਲਗਾਉਣ ਦੀ ਕੋਸ਼ਿਸ ਕਰਨ ਵਾਲੇ ਸ਼ੱਕੀ ਨੂੰ ਸਵਾਰੀਆਂ ਨੇ ਦਬੋਚਿਆ,ਕੀਤਾ ਪੁਲਿਸ ਦੇ ਹਵਾਲੇ, ਇਕ ਪਾਸਪੋਰਟ,ਤਿਨ ਆਧਾਰ ਕਾਰਡ ਅਤੇ ਇਕ ਪੈਨ ਕਾਰਡ ਬਰਾਮਦ

ਫਿਰੋਜ਼ਪੁਰ ,1 ਜੂਨ (ਪੰਕਜ ਕੁਮਾਰ)-ਫਿਰੋਜ਼ਪੁਰ ਰੇਲਵੇ ਪੁਲਿਸ ਨੇ ਰੇਲ ਗੱਡੀ ਵਿਚ ਸਫਰ ਕਰ ਰਹੇ ਇਕ ਸ਼ੱਕੀ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ ਜੋ ਚੱਲਦੀ ਗੱਡੀ ਵਿਚ ਅੱਗ ਲਗਾਉਣ ਦੀ ਕੋਸ਼ਿਸ ਕਰ ਰਿਹਾ ਸੀ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਪਾਸਪੋਰਟ ਅਤੇ ਕੁਝ ਦਸਤਾਵੇਜ਼ ਹਾਸਲ ਕੀਤੇ ਹਨ। ਘਟਨਾਕਰਮ ਮੁਤਾਬਕ ਇਹ ਰੇਲ ਗੱਡੀ (54643) ਜਲੰਧਰ ਤੋਂ ਫਿਰੋਜ਼ਪੁਰ ਆ ਰਹੀ ਸੀ ਜਦੋਂ ਇਹ ਮੱਖੂ ਨਜ਼ਦੀਕ ਪੁੱਜੀ ਤਾਂ ਉਸ ਵਿਚ ਸਫਰ ਕਰ ਰਹੀਆਂ ਸਵਾਰੀਆਂ ਨੇ ਦੇਖਿਆ ਕਿ ਇਕ ਵਿਅਕਤੀ ਗੱਡੀ ਵਿਚ ਮਾਚਿਸ ਜਗਾ ਰਿਹਾ ਸੀ ਤਾਂ ਗੱਡੀ ਵਿਚ ਸਵਾਰੀਆਂ ਨੇ ਉਸ ਨੂੰ ਫੜ ਲਿਆ ਅਤੇ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ । ਐੱਸ ਐੱਚ ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਨੰਬਰ 54643 ਜਲੰਧਰ ਤੋਂ ਫਿਰੋਜ਼ਪੁਰ ਆ ਰਹੀ ਸੀ ਤੇ ਉਹਨਾਂ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਰੇਲ ਗੱਡੀ ਵਿਚ ਅੱਗ ਲਗਾ ਰਿਹਾ ਸੀ ਜਿਸ ਨੂੰ ਗਾਰਡ ਅਤੇ ਸਵਾਰੀਆਂ ਨੇ ਫੜ ਕੇ ਪੁਲਿਸ ਸਟੇਸ਼ਨ ’ਤ ਪੁਲਿਸ ਹਵਾਲੇ ਕਰ ਦਿੱਤਾ ਹੈ। ਰੇਲ ਗੱਡੀ ਦੇ ਗਾਰਡ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਸ਼ੱਕੀ ਵਿਅਕਤੀ ਨੇ ਕੁਝ ਸਮਾਨ ਰਸਤੇ ਵਿਚ ਪੈਂਦੇ ਦਰਿਆ ਵਿਚ ਸੁੱਟ ਦਿੱਤਾ ਹੈ । ਪੁਲਿਸ ਵੱਲੋਂ ਲਈ ਤਲਾਸ਼ੀ ਦੌਰਾਨ ਉੁਸ ਕੋਲੋਂ ਇਕ ਪਾਸਪੋਰਟ ,ਤਿਨ ਆਧਾਰ ਕਾਰਡ ਅਤੇ ਇਕ ਪੈਨ ਕਾਰਡ ਬਰਾਮਦ ਹੋਇਆ ਹੈ ਅਤੇ ਪਾਸਪੋਰਟ ’ਤੇ ਅਰਬ ਦੇਸ਼ਾਂ ਦੇ ਵੀਜ਼ੇ ਲੱਗੇ ਹੋਏ ਹਨ । ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਇਸਦੇ ਤਾਰ ਪਾਕਿਸਤਾਨ ਨਾਲ ਤਾਂ ਨਹੀਂ ਜੁੜੇ ।