ਸਾਹਿਤ ਸਭਾ ਬਾਘਾਪੁਰਾਣਾ ਦੀ ਹੋਈ ਮਾਸਿਕ ਇਕੱਤਰਤਾ,ਸਰਵਨ ਸਿੰਘ ਪਤੰਗ ਦੀ ਕਿਤਾਬ ‘ਹਿੰਮਤ’ ਕੀਤੀ ਗਈ ਲੋਕ ਅਰਪਣ

ਮੋਗਾ,3 ਜੂਨ (ਜਸਵੰਤ ਸਮਾਲਸਰ)-ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਦੀ ਅਗਵਾਈ ਹੇਠ ਹੋਈ। ਸਭਾ ਵੱਲੋਂ ਸ਼ਾਇਰ ਪ੍ਰ੍ਰਸ਼ੋਤਮ ਪੱਤੋ ਦੀ ਮਾਤਾ ਦੀ ਹੋਈ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਦੇ ਪੁਰਾਣੇ ਮੈਂਬਰ ਕਰਮ ਸਿੰਘ ਕਰਮ ਵੱਲੋਂ ਆਪਣੀ ਬੇਟੀ ਅਮਨਜੋਤ ਕੌਰ ਦੀ ਸ਼ਾਦੀ ਦੀ ਖੁਸ਼ੀ ਵਿਚ ਸਭਾ ਨੂੰ 500 ਰੁਪਏ ਆਰਥਿਕ ਸਹਾਇਤਾ ਦਿੱਤੀ ਗਈ। ਮੀਟਿਗ ਦੌਰਾਨ ਸਰਵਣ ਸਿੰੰਘ ਦੀ ਮਿੰਨੀ ਕਹਾਣੀਆਂ ਦੀ ਕਿਤਾਬ ‘ਹਿੰਮਤ’ ਲੋਕ ਅਰਪਣ ਕੀਤੀ ਗਈ ਅਤੇ ਕਿਤਾਬ ਤੇ ਸਭਾ ਵੱਲੋਂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਹਾਜ਼ਰ ਸਾਹਿਤਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਰਚਨਾਵਾਂ ਦੇ ਦੌਰ ਵਿਚ ਕਰਮ ਸਿੰਘ ਕਰਮ, ਮੇਜਰ ਸਿੰਘ ਹਰੀਏਵਾਲਾ, ਦਰਸ਼ਨ ਸਿੰਘ ਬਾਘਾਪੁਰਾਣਾ, ਬਲਵੀਰ ਸਿੰਘ ਘਣੀਆਂ, ਚਰਨਜੀਤ, ਤੇਜਾ ਸਿੰਘ ਰੌਂਤਾ, ਨਾਇਬ ਸਿੰਘ ਰੋਡੇ, ਮੱਖਣ ਸਿੰਘ ਸਮਾਧ ਭਾਈ, ਗੁਰਮੇਜ ਸਿੰਘ, ਜਗਦੀਸ਼ ਪ੍ਰੀਤਮ, ਸੁਰਜੀਤ ਕਾਲੇਕੇ, ਜਸਕਰਨ ਲੰਡੇ, ਜਸਵੀਰ ਗਿੱਲ ਸਮਾਲਸਰ, ਅਮਰਜੀਤ ਰਣੀਆਂ ਆਦਿ ਨੇ ਭਾਗ ਲਿਆ। ਰਚਨਾਵਾਂ ਤੇ ਬਹਿਸ ਦੌਰਾਨ ਚਰਨਜੀਤ ਸਮਾਲਸਰ, ਜਸਵੰਤ ਜੱਸੀ, ਅਮਰ ਘੋਲੀਆ, ਕਰਮ ਸਿੰਘ ਕਰਮ ਅਤੇ ਤੇਜਾ ਸਿੰਘ ਰੌਂਤਾ ਨੇ ਹਾਜ਼ਰ ਲੇਖਕਾਂ ਨੂੰ ਉਸਾਰੂ ਸੁਝਾਅ ਦਿੱਤੇ।


