ਗਰਮੀ ਤੇ ਨਹਿਰੀ ਪਾਣੀ ਦੀ ਘਾਟ ਕਾਰਨ ਝੁਲਸੀ ਝੋਨੇ ਦੀ ਪਨੀਰੀ

ਸਾਦਿਕ,4 ਜੂਨ (ਰਘਬੀਰ ਸਿੰਘ) -ਹਿਠਾੜ ਇਲਾਕੇ ਵਿਚ ਨਹਿਰੀ ਪਾਣੀ ਦੀ ਬੰਦੀ, ਖੇਤੀ ਲਈ 4 ਘੰਟੇ ਰੋਜਾਨਾ ਬਿਜਲੀ ਮਿਲਣ, ਬਾਰਸ਼ਾਂ ਨਾ ਪੈਣ ਕਾਰਨ ਅਤੇ ਪੈ ਰਹੀ ਅੱਤ ਦੀ ਗਰਮੀ ਕਾਰਨ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਪਨੀਰੀ ਝੁਲਸ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਗਹਿਰੀ ਚਿੰਤਾ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੇਅੰਤ ਸਿੰਘ ਡੱਲੇਵਾਲਾ, ਸ਼ਮਸ਼ੇਰ ਸਿੰਘ ਬਰਾੜ ਘੁੱਦੂਵਾਲਾ, ਰਛਪਾਲ ਸਿੰਘ ਬਰਾੜ ਮਾਨੀ ਸਿੰਘ ਵਾਲਾ, ਸੁਖਦੇਵ ਸਿੰਘ ਕਿੰਗਰਾ ਸਮੇਤ ਅਨੇਕਾਂ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਲੁਆਈ 20 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਪੰਜਾਬ ‘ਚ ਪੈ ਰਹੀ ਸਖ਼ਤ ਗਰਮੀ ਅਤੇ ਮਾਲਵੇ ਵਿਚ ਨਹਿਰੀ ਪਾਣੀ ਦੀ ਘਾਟ ਕਾਰਨ ਝੋਨੇ ਦੀ ਲੁਆਈ ਕਾਫ਼ੀ ਪੱਛੜਨ ਦੀ ਸੰਭਾਵਨਾ ਹੈ। ਇਨੀਂ ਦਿਨੀਂ 44 ਤੋਂ 47 ਡਿਗਰੀ ਗਰਮੀ ਪੈ ਰਹੀ ਹੈ ਜਦੋਂ ਕਿ ਮਾਲਵੇ ਦੇ ਖੇਤਾਂ ਨੂੰ ਅਜੇ ਨਹਿਰੀ ਪਾਣੀ ਵੀ ਮਿਲਣਾ ਸ਼ੁਰੂ ਨਹੀਂ ਹੋਇਆ। ਮਾਲਵੇ ਦੇ ਕਿਸਾਨ ਧਰਤੀ ਹੇਠਲੇ ਖਾਰੇ ਪਾਣੀ ਨਾਲ ਹੀ ਝੋਨੇ ਦੀ ਪਨੀਰੀ ਦੀ ਸਿੰਚਾਈ ਕਰ ਰਹੇ ਹਨ ਜਿਸ ਕਰਕੇ ਪਨੀਰੀ ਵਿੱਚ ਜ਼ਿੰਕ ਤੇ ਲੋਹੇ ਦੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਝੋਨੇ ਦੀ ਪਨੀਰੀ ਪੀਲੀ ਪੈਣੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 10 ਮਈ ਤੋਂ ਝੋਨੇ ਦੀ ਪਨੀਰੀ ਬੀਜੀ ਜਾਣੀ ਸੀ। ਝੋਨੇ ਦੀ ਪਨੀਰੀ ਬੀਜਣ ਤੋਂ ਬਾਅਦ ਇੱਕ ਦਮ ਪਈ ਗਰਮੀ ਨੇ ਇਸ ਪਨੀਰੀ ਦਾ ਕਾਫ਼ੀ ਨੁਕਸਾਨ ਕੀਤਾ ਹੈ। ਉਨਾਂ ਖਦਸ਼ਾ ਜ਼ਾਹਰ ਕੀਤਾ ਹੈ ਕਿ ਉਨਾਂ ਨੂੰ ਝੋਨੇ ਦੀ ਬਿਜਾਈ ਲਈ ਲੋੜੀਂਦੀ ਪਨੀਰੀ ਮਿਲਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਇਸ ਵਾਰ ਗਰਮੀ ਕਾਫ਼ੀ ਜ਼ਿਆਦਾ ਹੈ ਅਤੇ ਕਿਸਾਨਾਂ ਨੂੰ ਝੋਨਾ ਲਾਉਣ ਵਿੱਚ ਦਿੱਕਤ ਆਉਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਡੀਜ਼ਲ ਦੇ ਰੇਟ ਕਾਫ਼ੀ ਮਹਿੰਗੇ ਹੋ ਗਏ ਹਨ ਅਤੇ ਕਿਸਾਨ ਨੂੰ ਪ੍ਰਤੀ ਏਕੜ 1 ਹਜ਼ਾਰ ਰੁਪਏ ਦਾ ਵਾਧੂ ਡੀਜ਼ਲ ਦਾ ਖਰਚਾ ਝੱਲਣਾ ਪਵੇਗਾ। ਜਿਕਰਯੋਗ ਹੈ ਕਿ ਜ਼ਿਲਾ ਫਰੀਦਕੋਟ ਵਿੱਚ ਕਰੀਬ 1 ਲੱਖ 20 ਹਜ਼ਾਰ ਹੈਕਟੇਅਰ ਝੋਨਾ ਬੀਜਿਆ ਜਾਣਾ ਹੈ ਅਤੇ ਇਸ ਰਕਬੇ ਵਿਚ ਝੋਨਾ ਬੀਜਣ ਲਈ ਬੀਜੀ ਗਈ ਪਨੀਰੀ ਦਾ 30 ਫ਼ੀਸਦੀ ਹਿੱਸਾ ਸਖ਼ਤ ਗਰਮੀ ਕਾਰਨ ਝੁਲਸ ਦਾ ਅਨੁਮਾਨ ਹੈ ਜਦੋਂ ਕਿ ਪਨੀਰੀ ਦਾ ਕੁਝ ਹਿੱਸਾ ਪੀਲਾ ਹੋ ਗਿਆ ਹੈ। ਕਿਸਾਨ ਆਗੂ ਬਖਤੌਰ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਪਨੀਰੀ ਅਤੇ ਪਸ਼ੂਆਂ ਲਈ ਪੱਠੇ ਬੀਜਣ ਲਈ ਨਹਿਰੀ ਪਾਣੀ ਨਹੀਂ ਦਿੱਤਾ ਗਿਆ ਅਤੇ ਹਿਠਾੜ ਇਲਾਕੇ ਵਿਚ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਪਨੀਰੀ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੋ ਸਕੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਕਰਨਜੀਤ ਸਿੰਘ ਨੇ ਕਿਹਾ ਕਿ ਸਖ਼ਤ ਗਰਮੀ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਪਨੀਰੀ ਵਿਚੋਂ ਜ਼ਿੰਕ ਅਤੇ ਲੋਹੇ ਦੀ ਕਮੀ ਕਾਰਨ ਪਨੀਰੀ ਦਾ ਕੁਝ ਨੁਕਸਾਨ ਹੋਇਆ ਹੈ। ਪਰ ਬਾਰਿਸ਼ ਪੈਣ ਨਾਲ ਪਨੀਰੀ ਦੇ ਹੋਏ ਨੁਕਸਾਨ ਦੀ ਭਰਪਾਈ ਹੋਣ ਦੀ ਉਮੀਦ ਹੈ।ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਲੁਆਈ ਲਈ ਸਾਫ਼ ਨਹਿਰੀ ਪਾਣੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨ ਝੋਨੇ ਦੀ ਫਸਲ ਵਧੀਆ ਢੰਗ ਨਾਲ ਬੀਜ ਸਕਣ।