ਕਰਿਸ਼ੀ ਕਲਿਆਣ ਅਭਿਆਨ ਤਹਿਤ ਪਿੰਡ ਨਵਾਂ ਮੋਗਾ ਵਿਖੇ ਲਗਾਇਆ ਗਿਆ ਇੱਕ ਰੋਜ਼ਾ ਸਿਖਲਾਈ ਕੋਰਸ

ਮੋਗਾ 4 ਜੂਨ(ਜਸ਼ਨ)-ਕਿ੍ਰਸ਼ੀ ਕਲਿਆਣ ਅਭਿਆਨ ਤਹਿਤ ਅੱਜ ਜਿਲੇ ਦੇ ਪਿੰਡ ਤਾਰੇ ਵਾਲਾ ਵਿਖੇ ਇੱਕ ਰੋਜ਼ਾ ਸਿਖਲਾਈ ਕੋਰਸ ਲਗਾਇਆ ਗਿਆ, ਜਿਸ ਵਿੱਚ ਕਿਸਾਨਾਂ ਨੂੰ ਮਧੂ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਘਰੇਲੂ ਬਗੀਚੀ ਅਤੇ ਗੰਡੋਇਆਂ ਦੀ ਖਾਦ ਬਾਰੇ ਜਾਣਕਾਰੀ ਦਿੱਤੀ ਗਈ। ਡਾ.ਅਮਨਦੀਪ ਸਿੰਘ ਬਰਾੜ, ਡਿਪਟੀ ਡਾਇਰੈਕਟਰ ਕੇ.ਵੀ.ਕੇ., ਮੋਗਾ ਨੇ ਕਿਸਾਨਾਂ ਨੂੰ ਕਿ੍ਰਸ਼ੀ ਕਲਿਆਣ ਅਭਿਆਨ ਬਾਰੇ ਦੱਸਿਆ। ਇਸ ਮੌਕੇ ਕੇ.ਵੀ.ਕੇ. ਦੇ ਸਾਇੰਸਦਾਨ, ਡਾ.ਅਰਸ਼ਦੀਪ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਦਾ ਕਿੱਤਾ ਅਪਣਾਉਣ ਬਾਰੇ ਪ੍ਰੇਰਿਆ। ਉਨਾਂ ਨੇ ਇਸ ਕਿੱਤੇ ਤੋਂ ਸ਼ਹਿਦ ਉਤਪਾਦਨ, ਪ੍ਰੋਸੈਸਿੰਗ, ਪੈਕਿੰਗ ਅਤੇ ਮਾਰਕੀਟਿੰਗ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨਾਂ ਨੇ ਕਿਸਾਨਾਂ ਨੂੰ ਵਧੇਰੇ ਮੁਨਾਫੇ ਲਈ ਸਵੈ-ਮੰਡੀਕਰਨ ਲਈ ਪ੍ਰੇਰਿਆ। ਡਾ.ਅਮਨਪ੍ਰੀਤ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਪੌਸ਼ਟਿਕ ਸੁਰੱਖਿਆ ਲਈ ਘਰੇਲੂ ਬਗੀਚੀ ਅਪਣਾਉਣ ਦੀ ਸਲਾਹ ਦਿੱਤੀ। ਉਨਾਂ ਨੇ ਗੰੰਡੋਇਆਂ ਦੀ ਖਾਦ ਰਾਹੀਂ ਜੈਵਿਕ ਖੇਤੀ ਕਰਕੇ ਮਿੱਟੀ ਦੀ ਸਿਹਤ ਸੁਧਾਰਨ ਬਾਰੇ ਦੱਸਿਆ। ਡਾ. ਹਰਸਿਮਰਨਜੀਤ ਕੌਰ ਮਾਵੀ, ਜਿਲਾ ਪਸਾਰ ਮਾਹਿਰ (ਫਾਰਮ ਪ੍ਰਬੰਧਨ) ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਨੂੰ ਦੁੱਗਣਾ ਕਰਨ ਲਈ ਉਤਸਾਹਿਤ ਕੀਤਾ। ਉਨਾਂ ਨੇ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਦੇ ਵੱਖ-ਵੱਖ ਢੰਗਾਂ ਬਾਰੇ ਦੱਸਿਆ। ਨਾਲ ਹੀ ਉਨਾਂ ਨੇ ਕਿਸਾਨ ਬੀਬੀਆਂ ਨੂੰ ਇਸ ਕਿੱਤੇ ਵਿੱਚ ਰਲਾ ਕੇ ਵੱਧ ਆਮਦਨ ਲੈਣ ਬਾਰੇ ਪ੍ਰੇਰਿਆ। ਡਾ.ਅਮਨਦੀਪ ਸਿੰਘ, ਵੈਟਨਰੀ ਅਫਸਰ ਨੇ ਕਿਸਾਨਾਂ ਨੂੰ ਗਰਮੀ ਰੁੱਤ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਸਲਾਹ ਦਿੱਤੀ ਅਤੇ ਸਮੇਂ ਸਿਰ ਪਸ਼ੂਆਂ ਵਿੱਚ ਮਲੱਪਾਂ ਦੀ ਰੋਕਥਾਮ ਅਤੇ ਟੀਕਾਕਰਨ ਬਾਰੇ ਜਾਗਰੂਕ ਕਰਵਾਇਆ। ਇਸ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਹੋਰ ਅਗਾਂਹਵਧੂ ਕਿਸਾਨ ਮੌਜੂਦ ਸਨ।


