16 ਸਾਲਾ ਲੜਕੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਫੋਨ ’ਤੇ ਪਿਤਾ ਕੋਲ ਜਾਣ ਦੀ ਪ੍ਰਗਟਾਈ ਸੀ ਇੱਛਾ

ਮੋਗਾ, 4 ਜੂਨ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਰਾੳੂਕੇ ਕਲਾਂ ਵਿਖੇ ਇਕ 16 ਸਾਲਾ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਲੜਕਾ ਸਵਰਾਜ ਸਿੰਘ ਪੁੱਤਰ ਮਨਜੀਤ ਸਿੰਘ 10ਵੀਂ ਕਲਾਸ ਦਾ ਵਿਦਿਆਰਥੀ ਸੀ। ਮਿ੍ਰਤਕ ਲੜਕੇ ਦੀ ਮਾਤਾ ਜਸਵੀਰ ਕੌਰ ਨੇ ਪੁਲਿਸ ਨੂੰ ਦਿਤੇ ਬਿਆਨਾਂ ‘ਚ ਦੱਸਿਆ ਕਿ ਅੱਜ ਦੁਪਹਿਰ ਸਮੇਂ ਉਹ ਪਰਿਵਾਰ ਸਮੇਤ ਆਪਣੇ ਕਮਰੇ ‘ਚ ਸੁੱਤੇ ਪਏ ਸੀ ਤੇ ਸਵਰਾਜ ਸਿੰਘ ਬਰਾਂਡੇ ‘ਚ ਬੈਠਾ ਪੜ ਰਿਹਾ ਸੀ ਜਦ ਉਹ ਆਪਣੇ ਕਮਰੇ ‘ਚੋਂ ਬਾਹਰ ਆਈ ਤਾਂ ਉਸ ਦਾ ਲੜਕਾ ਸਵਰਾਜ ਬਰਾਂਡੇ ਵਿਚ ਨਹੀ ਸੀ। ਜਦੋਂ ਉਸ ਨੇ  ਕਮਰੇ ‘ਚ ਜਾ ਕੇ ਦੇਖਿਆ ਤਾਂ ਉਸ ਦੇ ਪੁੱਤਰ ਨੇ ਕਮਰੇ ਦੀ ਛੱਤ ‘ਤੇ ਲੱਗੀ ਇਕ ਕੁੱਢੀ ਨਾਲ ਲਟਕ ਕੇ ਫਾਹਾ ਲਿਆ ਹੋਇਆ ਸੀ। ਮਿ੍ਰਤਕ ਦੀ ਮਾਤਾ ਨੇ ਕਿਹਾ ਕਿ ਉਸ ਦਾ ਪਤੀ ਟਰਾਲਾ ਲੈ ਕੇ ਮੱਧ ਪ੍ਰਦੇਸ਼ ਗਿਆ ਹੋਇਆ ਹੈ। ਉਸ ਨੇ ਕਿਹਾ ਕਿ ਘਰ ‘ਚ ਕੋਈ ਵੀ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਸੀ ਪਰ ਪਤਾ ਨਹੀਂ ਸਾਡੇ ਨਾਲ ਇਹ ਭਾਣਾ ਕਿਵੇਂ ਵਾਪਰ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਬਲਧੀਰ ਸਿੰਘ ਨੇ ਮਿ੍ਰਤਕ ਲੜਕੇ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿਤਾ। ਉਨਾਂ ਕਿਹਾ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ। ਇਸ ਮੰਦਭਾਗੀ ਘਟਨਾ ਕਾਰਨ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਹੈ।  ਲੜਕੇ ਦੇ ਪਿਤਾ ਨੇ ਦੱਸਿਆ ਕਿ ਘਟਨਾ ਤੋਂ ਕੁਝ ਦੇਰ ਪਹਿਲਾ ਹੀ ਉਸ ਦੇ ਪੁੱਤਰ ਨੇ ਫੋਨ ’ਤੇ ਉਸ ਕੋਲ ਆਉਣ ਦੀ ਇੱਛਾ ਪ੍ਰਗਟਾਈ ਸੀ ਜਿਸ ’ਤੇ ਉਹ ਸਹਿਮਤ ਹੋ ਗਿਆ ਸੀ ਪਰ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਦੀ ਖਬਰ ਮਿਲ ਗਈ । ਮਿ੍ਰਤਕ ਸਵਰਾਜ ਦੇ ਪਿਤਾ ਨੇ ਦੱਸਿਆ ਕਿ ਉਹ  ਛੁੱਟੀਆਂ ਵਿਚ ਕਿਤੇ ਘੁੰਮਣ ਦਾ ਪ੍ਰੋਗਰਾਮ ਵੀ ਬਣਾ ਰਿਹਾ ਸੀ ਅਤੇ  ਉਹਨਾਂ ਨੂੰ ਹੈਰਾਨੀ ਹੈ ਕਿ ਅਜਿਹਾ ਕਿਹੜਾ ਵਿਚਾਰ ਬੱਚੇ ਦੇ ਮਨ ਵਿਚ ਆਇਆ ਕਿ ਉਸ ਨੇ ਇਹਨਾਂ ਭਿਆਨਕ ਕਦਮ ਚੁੱਕ ਲਿਆ ।