ਪੰਜਾਬ ਦੇ ਕਿਸਾਨਾਂ ਵੱਲੋਂ ਸੰਘਰਸ਼ ਵਾਪਸ ਲੈਣ ਦਾ ਐਲਾਨ,‘ਪਿੰਡ ਬੰਦ ਕਿਸਾਨ ਛੁੱਟੀ ’ਤੇ’ ਅੰਦੋਲਨ ਸਿਰਫ਼ 6 ਜੂਨ ਤੱਕ ਚੱਲੇਗਾ,ਭਰਾ ਮਾਰੂ ਜੰਗ ਤੋਂ ਬਚਣ ਲਈ ਲਿਆ ਗਿਆ ਫੈਸਲਾ

ਲੁਧਿਆਣਾ,4 ਜੂਨ (ਜਸ਼ਨ)-ਪੰਜਾਬ ਦੇ ਕਿਸਾਨਾਂ ਨੇ ਅੱਜ ਆਪਣੇ 10 ਰੋਜ਼ਾ ਸੰਘਰਸ਼ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਜਦਕਿ ਦੇਸ਼ ਦੇ ਹੋਰਨਾ ਸੂਬਿਆਂ ਵਿਚ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲੇ ਹਰ ਵਰਗ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਲੁਧਿਆਣਾ ਵਿਖੇ 6 ਕਿਸਾਨ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਸਿਧਪੁਰ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੇ ਆਗੂਆਂ ਨੇ ਮੀਟਿੰਗ ਉਪਰੰਤ ਦੱਸਿਆ ਕਿ ਦੇਸ਼ ਵਿਆਪੀ ਸੰਘਰਸ਼ 1 ਜੂਨ ਤੋਂ ਆਰੰਭਿਆ ਗਿਆ ਸੀ ਅਤੇ ਕਿਸਾਨ ਏਕਤਾ ਦੇ ਨਾਲ ਨਾਲ ਰਾਸ਼ਟਰੀ ਕਿਸਾਨ ਮਹਾਂਸੰਘ ਦੀ ਅਗਵਾਈ ਵਿਚ ਕਿਸਾਨਾਂ ਨੇ ਲਾਮਬੰਦ ਹੋ ਕੇ ਪਿੰਡਾਂ ਵਿਚੋਂ ਦੁੱਧ ਅਤੇ ਸਬਜੀਆਂ ਦੀ ਸਪਲਾਈ ਸ਼ਹਿਰਾਂ ਲਈ ਰੋਕਿਆ ਤੇ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ। ਉਨਾਂ ਅਖਿਆ ਕਿ ਸਵਾਮੀਨਾਥਨ ਕਮਿਸ਼ਨ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਆਰੰਭਿਆ ਸੰਘਰਸ਼ ‘ਪਿੰਡ ਬੰਦ ਕਿਸਾਨ ਛੁੱਟੀ ’ਤੇ’ ਅੰਦੋਲਨ  6 ਜੂਨ ਤੋਂ ਵਾਪਸ ਲੈ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੇਸ਼ੱਕ ਮੰਡੀਆਂ ਵਿਚ ਸਬਜੀਆਂ ਦੇ ਭਾਅ ਵੱਧ ਗਏ ਸਨ, ਪਰ ਕਈ ਥਾਵਾਂ ਤੇ ਗਰੀਬ ਕਿਸਾਨਾਂ ਦੀਆਂ ਸਬਜੀਆਂ ਸੜਕਾਂ ਤੇ ਖਿਲਾਰਨ ਅਤੇ ਦੋਧੀਆਂ ਦਾ ਦੁੱਧ ਡੋਲਣ ਨੂੰ ਲੈ ਕੇ ਆਮ ਲੋਕਾਂ ਦੇ ਨਾਲ ਨਾਲ ਗਰੀਬ ਕਿਸਾਨਾਂ, ਸਬਜੀਆਂ ਵੇਚਣ ਵਾਲੇ ਬੌਰੀਆ ਜਾਤੀ ਜਾਂ ਠੇਕੇ ਤੇ ਜ਼ਮੀਨ ਲੈ ਕੇ ਸਬਜ਼ੀ ਬੀਜ ਕੇ ਗੁਜ਼ਾਰਾ ਕਰਨ ਵਾਲੇ ਕਿਸਾਨ ਅਤੇ ਮਜ਼ਦੂਰਾਂ ਵਿਚ ਕਿਸਾਨ ਮਸਲਿਆਂ ਤੇ ਰਾਜਨੀਤੀ ਕਰਨ ਵਾਲੇ ਪੋਚਵੀਆਂ ਪੱਗਾਂ ਵਾਲੇ ਕਿਸਾਨ ਆਗੂਆਂ ਖਿਲਾਫ ਰੋਸ ਵੀ ਪਾਇਆ ਜਾ ਰਿਹਾ ਸੀ। ਕਿਸਾਨ ਮਜ਼ਦੂਰਾਂ ਅਤੇ ਕਿਰਤੀਆਂ ਦੇ ਵਰਗਾਂ ਵਿਚ ਪੈਂਦੀ ਇਸ ਵੰਡ ਨੂੰ ਭਾਂਪਦਿਆਂ ਕਿਸਾਨ ਆਗੂਆਂ ਵਲੋਂ ਲਏ ਇਸ ਫੈਸਲੇ ਦਾ ਹਰ ਵਰਗ ਨੇ ਸਵਾਗਤ ਕੀਤਾ ਹੈ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ