ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮੋਗਾ ਵਿਖੇ ‘ ਮਿਸ਼ਨ ਤੰਦਰੁਸਤ ਪੰਜਾਬ‘ ਦਾ ਕੀਤਾ ਆਗਾਜ਼

ਮੋਗਾ, 5 ਜੂਨ(ਜਸ਼ਨ)-‘ਤੰਦੁਰਸਤ ਪੰਜਾਬ’ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸੁਪਨਮਈ ਪ੍ਰੋਜੈਕਟ ਹੈ ਅਤੇ ਇਸ ਨੂੰ ਉਨਾਂ ਨੇ ਇੱਕ ਵਿਆਪਕ ਮਿਸ਼ਨ ਬਣਾਇਆ ਹੈ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਮਾਲ, ਜਲ ਸਰੋਤ ਅਤੇ ਖਣਨ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਮੋਗਾ ਵਿਖੇ ਜ਼ਿਲਾ ਪੱਧਰੀ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਕਰਨ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।    ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਕੁਆਲਿਟੀ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣ ਦੇ ਨਾਲ-ਨਾਲ ਇਸ ਨੂੰ ਦੇਸ਼ ਦਾ ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ ‘ਤੰਦਰੁਸਤ ਪੰਜਾਬ’ ਨਾਂ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਇਸ ਮਿਸ਼ਨ ਤਹਿਤ ਜਿੱਥੇ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਹਵਾ, ਪਾਣੀ ਅਤੇ ਸੁਰੱਖਿਅਤ ਭੋਜਨ ਦੇ ਨਾਲ-ਨਾਲ ਸਿਹਤ ਸੰਭਾਲ ਲਈ ਜਿੱਥੇ ਜਾਗਰੂਕ ਕੀਤਾ ਜਾਵੇਗਾ, ਉੱਥੇ ਇਸ ਮਿਸ਼ਨ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਨਿਸਚਿਤ ਕੀਤੀ ਗਈ ਹੈ ਜੋ ਇਸ ਮਿਸ਼ਨ ਦੀ ਕਾਮਯਾਬੀ ਲਈ ਯੋਗਦਾਨ ਪਾਉਣਗੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਸਮਾਜ ਦੀ ਸਿਰਜਣਾ ਅਤੇ ਸੂਬੇ ਦੇ ਲੋਕਾਂ ਦੀ ਨਰੋਈ ਸਿਹਤ ਦੇ ਮੱਦੇਨਜ਼ਰ ਮਿਲਾਵਟਖੋਰੀ ਦਾ ਖਾਤਮਾ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਕਿ ਬੌਧਿਕ ਅਤੇ ਸਰੀਰਕ ਵਿਕਾਸ ਵਿੱਚ ਭੋਜਨ ਦੀ ਅਹਿਮ ਮਹੱਤਤਾ ਹੈ, ਇਸ ਲਈ ਖਾਣ-ਪੀਣ ਦੀਆਂ ਵਸਤਾਂ ਵਿੱਚ ਕਿਸੇ ਤਰਾਂ ਦੀ ਵੀ ਮਿਲਾਵਟਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਹਰਾ-ਭਰਾ ਵਾਤਾਵਰਣ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲੇ ਵਿੱਚ ਵੱਡੀ ਗਿਣਤੀ ‘ਚ ਪੌਦੇ ਲਗਾਏ ਜਾਣਗੇ ਅਤੇ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਵੀ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨਾਂ ਜ਼ਿਲੇ ਦੇ ਲੋਕਾਂ ਨੂੰ ਕੁਦਰਤ ਦੀਆਂ ਨਿਆਮਤਾਂ ਦੀ ਮਿਲ-ਜੁਲ ਕੇ ਸੰਭਾਲ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ, ਤਾਂ ਜੋ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਧਰਤੀ ਨੂੰ ਰਹਿਣਯੋਗ ਬਣਾ ਸਕੀਏ। ਇਸ ਮੌਕੇ ਮੰਤਰੀ ਵੱਲੋਂ ਕਣਕ/ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਵਾਲੇ 24 ਕਿਸਾਨਾਂ,ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨਾ ਕਰਨ ਲਈ ਪਹਿਲ-ਕਦਮੀ ਕਰਨ ਵਾਲੇ 4 ਵਿਅਕਤੀਆਂ ਅਤੇ ਦੁਕਾਨਦਾਰਾਂ ਅਤੇ ਕੂੜੇ ਨੂੰ ਖਤਮ ਕਰਕੇ ਆਪਣੇ ਸਕੂਲਾਂ ਵਿੱਚ ਕੰਪੋਸਿਟ ਪਿੱਟ ਬਣਾਉਣ ਵਾਲੇ 5 ਸਕੂਲਾਂ ਦੇ ਨੁਮਾਇੰਦਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਜਿਹਨਾਂ ਵਿਚ ਸੈਕਰਡ ਹਾਰਟ ਸਕੂਲ ਮੋਗਾ ਦੇ ਐੱਡਮਿਨਿਸਟਰੇਟਰ ਮੈਡਮ ਅਮਰਜੀਤ ਕੌਰ ਗਿੱਲ ਸ਼ਾਮਲ ਸਨ। ਇਸ ਤੋਂ ਪਹਿਲਾਂ ਕਾਲਜ ਦੀ ਹਦੂਦ ਅੰਦਰ ਪੌਦੇ ਵੀ ਲਗਾਏ। ਇਸ ਮੌਕੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ. ਦਰਸ਼ਨ ਸਿੰਘ ਬਰਾੜ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਸ. ਸੁਖਜੀਤ ਸਿੰਘ ਲੋਹਗੜ ਨੇ ਕਿਹਾ ਕਿ ’ਤੰਦਰੁਸਤ ਪੰਜਾਬ’ ਮਿਸ਼ਨ ਤਾਂ ਹੀ ਕਾਮਯਾਬ ਹੋਵੇਗਾ ਜੇਕਰ ਅਸੀਂ ਸਾਰੇ ਇਸ ਮਿਸ਼ਨ ਨਾਲ ਜੁੜੀਆਂ ਗੱਲਾਂ ਨੂੰ ਨਿੱਜੀ ਪੱਧਰ ’ਤੇ ਅਪਣਾਵਾਂਗੇ ਅਤੇ ਸਿਹਤ ਸੰਭਾਲ ਤੇ ਪ੍ਰਦੂਸ਼ਣ ਮੁਕਤ ਚੌਗਿਰਦੇ ਦੀ ਸਿਰਜਣਾ ਲਈ ਆਪੋ-ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਉਨਾਂ ਹੋਰ ਕਿਹਾ ਕਿ ਇਸ ਮਿਸ਼ਨ ’ਚ ਵਾਤਾਵਰਣ ਦੀ ਸੰਭਾਲ ਲਈ ਸ਼ੁਰੂ ਕੀਤੀ ਗਈ ਜਲ ਸੰਭਾਲ ਮੁਹਿੰਮ ਦੌਰਾਨ ਲੋਕ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਜ਼ਿਲੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਆਰੰਭੀ ਮੁਹਿੰਮ ’ਚ ਵੀ ਹਿੱਸਾ ਪਾਉਣ। ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ‘ਵਿਸ਼ਵ ਵਾਤਾਵਰਣ ਦੇ ਮੌਕੇ ‘ਤੇ ਜ਼ਿਲੇ ਦੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮਾਗਮ ਵਿਚ ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਹੰੁਦਲ ਤੋਂ ਇਲਾਵਾ ਜੈਵਿਕ ਖੇਤੀ ਨੂੰ ਅਪਣਾਉਣ ਵਾਲੇ ਮਹਾਪੁਰਸ਼  ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ,ਬਲਵਿੰਦਰ ਸਿੰਘ ਲੱਖੇਵਾਲੀ,ਡਾ: ਹਰਨੇਕ ਸਿੰਘ ਰੋਡੇ ਨੈਸ਼ਨਲ ਐਵਾਰਡੀ,ਡਾ: ਅਰਵਿੰਦਰਪਾਲ ਸਿੰਘ ਜ਼ਿਲਾ ਸਿਹਤ ਅਫ਼ਸਰ,ਡਾ: ਮੁਨੀਸ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ,ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ,ਸਾਬਕਾ ਮੰਤਰੀ ਮਾਲਤੀ ਥਾਪਰ,ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ,ਜ਼ਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ,ਜ਼ਿਲਾ ਪ੍ਰਧਾਨ ਸ਼ਹਿਰੀ ਵਿਨੋਦ ਬਾਂਸਲ,ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਰਵੀ ਗਰੇਵਾਲ,ਮੁੱਖ ਬੁਲਾਰਾ ਡਾ: ਤਾਰਾ ਸਿੰਘ, ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ,ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆਂ,Mc narinderpal sidhu,ਯੂਥ ਕਾਂਗਰਸ ਪ੍ਰਧਾਨ ਰਮਨ ਮੱਕੜ, ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਰਾਜਵਿੰਦਰ ਕੌਰ ਭਾਗੀਕੇ,ਪੀ ਏ ਅਵਤਾਰ ਸਿੰਘ,ਪੀ ਏ ਡਾ: ਦਵਿੰਦਰ ਸਿੰਘ ਗਿੱਲ ਤੋਂ ਇਲਾਵਾ ਲੋਕ ਭਾਰੀ ਗਿਣਤੀ ਵਿਚ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ