ਮੋਗਾ ਵਿਖੇ ਤੇਜ਼ ਝੱਖੜ ਅਤੇ ਮੀਂਹ ਨਾਲ ਆਮ ਜਨ ਜੀਵਨ ਹੋਇਆ ਪ੍ਰਭਾਵਿਤ

ਮੋਗਾ,6 ਜੂਨ (ਜਸ਼ਨ)-ਬੀਤੇ ਕਈ ਦਿਨਾਂ ਤੋੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਮੋਗਾ ਜ਼ਿਲੇ ਵਿਚ  ਕੱਲ ਰਾਤ ਸਾਢੇ ਅੱਠ ਵਜੇ ਤੋਂ ਲੈ ਕੇ ਸਾਢੇ ਨੌਂ ਵਜੇ ਤੱਕ ਤੇਜ਼ ਝੱਖੜ ਅਤੇ ਮੀਂਹ ਨਾਲ ਆਮ ਜਨ ਜੀਵਨ ‘ਤੇ ਕਾਫ਼ੀ ਅਸਰ ਪਿਆ। ਮੋਗਾ ਦੇ ਪਾਵਰ ਗਰਿੱਡ ਤੋਂ  ਜਗਰਾਓਂ ਇਲਾਕੇ ਨੂੰ ਬਿਜਲੀ ਮੁਹੱਈਆ ਕਰਵਾਉਣ ਵਾਲੀ 220 ਕੇ ਵੀ ਲਾਈਨ ਦੇ ਖੰਬੇ ਅਜੀਤ ਵਾਲ ਪਿੰਡ ਕੋਲ ਪੁੱਟੇ ਜਾਣ ਕਰਕੇ ਬਿਜਲੀ ਸਪਲਾਈ ਬੁਰੀ ਤਰਾਂ ਪ੍ਰਭਾਵਿਤ ਹੋਈ । ਇਸ ਤੇਜ਼ ਝੱਖੜ ਕਾਰਨ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿਚ ਦਰਖ਼ਤ ਟੁੱਟਣ ਦੇ ਨਾਲ ਨਾਲ ਬਿਜਲੀ ਦੇ ਖੰਬੇ ਡਿੱਗ ਪਏ ਅਤੇ ਤਾਰਾਂ ਟੁੱਟ ਗਈਆਂ , ਜਿਸ ਕਾਰਨ ਅੱਜ ਦੁਪਹਿਰ ਤੱਕ ਬਿਜਲੀ ਬੰਦ ਰਹੀ । ਬਿਜਲੀ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੁਸ਼ੱਕਤ ਤੋਂ ਬਾਅਦ ਅੱਜ ਦੁਪਹਿਰੋਂ ਬਾਅਦ ਬਿਜਲੀ ਸੇਵਾ ਬਹਾਲ ਹੋ ਸਕੀ ਹੈ। ਤੂਫ਼ਾਨ ਇਨਾਂ ਤੇਜ਼ ਸੀ ਕਿ ਕਈ ਦਰਖ਼ਤ ਤਾਂ ਜੜੋਂ ਹੀ ਪੁੱਟੇ ਗਏ ਪਰ ਅਜੇ ਤੱਕ ਕਿਸੇ ਤਰਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।