ਯੂਥ ਕਾਂਗਰਸ ਦੀ ‘ਟਰੈਕਟਰ ਯਾਤਰਾ’ ਨੇ ਮੋਦੀ ਸਰਕਾਰ ਦੀਆਂ ਚੂਲਾਂ ਹਿਲਾਈਆਂ

ਰਾਜਪੁਰਾ/ਬਨੂੜ: (ਪੱਤਰ ਪਰੇਰਕ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਅਤੇ ਇਸਦੇ ਕਿਸਾਨ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇ ਅਤੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ। ਸ੍ਰੀ ਜਾਖੜ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ‘ਭਾਰਤ ਬਚਾਓ ਜਨ ਅੰਦੋਲਨ’ ਤਹਿਤ ਕੱਢੇ ਗਏ ਇੱਕ ਵਿਸ਼ਾਲ ‘ਟ੍ਰੈਕਟਰ ਮਾਰਚ’ ਨੂੰ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਰਾਜਪੁਰਾ ਦੇ ਗਗਨ ਚੌਂਕ ਵਿਖੇ ਕੀਤੀ ਗਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ੍ਰੀ ਸੁਨੀਲ ਜਾਖੜ ਨੇ ਖ਼ੁਦ ਟ੍ਰੈਕਟਰ ਚਲਾ ਕੇ ਕਰੀਬ 20 ਕਿਲੋਮੀਟਰ ਲੰਮੇ ਚੱਲੇ ਇਸ ਵਿਸ਼ਾਲ ਟ੍ਰੈਕਟਰ ਮਾਰਚ ਦੀ ਅਗਵਾਈ ਕੀਤੀ ਅਤੇ ਇਸ ਦੌਰਾਨ ਨੌਜਵਾਨਾਂ ਅਤੇ ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਉਨਾਂ ਕਿਹਾ ਕਿ ਅੱਜ ਦੇ ਇਸ ਮਾਰਚ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਯੂਥ ਕਾਂਗਰਸ ਦੀ ਇਸ ਟ੍ਰੈਕਟਰ ਯਾਤਰਾ ਤੋਂ ਕਾਂਗਰਸ ਲੀਡਰਸ਼ਿਪ ਬਾਗੋਬਾਗ ਨਜ਼ਰ ਆਈ।ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਪ੍ਰੀਤ ਸਿੰਘ ਲਾਲੀ ਦੀ ਦੇਖ-ਰੇਖ ਅਤੇ ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦੀ ਰਾਜਪੁਰਾ ਦੇ ਗਗਨ ਚੌਂਕ ਵਿਖੇ ਸਮਾਪਤੀ ਮਗਰੋਂ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮੌਕੇ ਮੋਦੀ ਸਰਕਾਰ ’ਤੇ ਵਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਬੀ.ਜੇ.ਪੀ. ਦੀ ਚਲਾਕੀ ਤੋਂ ਸਭ ਭਲੀਂ ਭਾਂਤ ਵਾਕਫ਼ ਹਨ ਪੰ੍ਰਤੂ ਪੰਜਾਬ ਦੇ ਲੋਕਾਂ ਨੂੰ ਬਾਦਲਕਿਆਂ ਤੋਂ ਉਮੀਦ ਸੀ ਕਿ ਉਹ ਤਾਂ ਉਨਾਂ ਦੀ ਗੱਲ ਕਰਨਗੇ ਪ੍ਰੰਤੂ ਉਹ ਵੀ ਇੱਕ ਵਜ਼ੀਰੀ ਲਈ ਮੂੰਹ ’ਚ ਘੁੰਗਣੀਆਂ ਪਾ ਗਏ। ਉਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਨੂੰ ਮਿਲਣ ’ਚ ਕੋਈ ਔਖਿਆਈ ਨਾ ਸਮਝਣ ਵਾਲੇ ਅੱਜ ਨਰਿੰਦਰ ਮੋਦੀ ਨੂੰ ਮਿਲਣ ਲਈ ਅਮਿਤ ਸ਼ਾਹ ਦੀਆਂ ਲਿਲਕੜੀਆਂ ਕੱਢਦੇ ਸਭ ਨੇ ਵੇਖੇ ਹਨ। ਉਨਾਂ ਇਹ ਵੀ ਕਿਹਾ ਕਿ ਹੁਣ ਇਹ ਕਿਸ ਗੱਲੋਂ ਅਮਿਤ ਨੂੰ ਸਿਰੋਪਾ ਪਾ ਰਹੇ ਸਨ ਜਦੋਂ ਕਿ ਸ੍ਰੀ ਦਰਬਾਰ ਸਾਹਿਬ ’ਤੇ ਜੀ.ਐਸ.ਟੀ. ਲਾਉਣ ਸਮੇਂ ਤਾਂ ਇਹ ਖ਼ੁਦ ਵੀ ਭਾਈਵਾਲ ਸਨ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਨੂੰ ਕਿਸਾਨਾਂ ਬਾਰੇ ਕੁਝ ਪਤਾ ਹੀ ਨਹੀਂ ਕਿਉਂਕਿ ਉਹ ਤਾਂ ਦੇਸ਼ ਦਾ ਨਹੀਂ ਵਿਦੇਸ਼ ਦਾ ਵਾਸੀ ਬਣ ਗਿਆ ਹੈ, ਪਰੰਤੂ 50 ਸਾਲ ਲੋਕਾਂ ਤੇ ਕਿਸਾਨਾਂ ਦਾ ਵਫ਼ਾਦਾਰ ਬਣਕੇ ਬੇਵਕੂਫ਼ ਬਣਾਉਣ ਵਾਲੇ ਬਾਦਲਾਂ ਨੇ ਵੀ ਉਸਦਾ ਸਾਥ ਦਿੱਤਾ। ਜਦੋਂਕਿ ਸੰਤ ਫ਼ਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਵਰਗੇ ਆਗੂ ਤਾਂ ਮੋਰਚੇ ਲਾਉਂਦੇ ਰਹੇ ਲੜਾਈਆਂ ਲੜਦੇ ਰਹੇ ਪਰ ਇਨਾਂ ਨੇ ਤਾਂ ਇੱਕ ਵਜੀਰੀ ਦੀ ਖਾਤਰ ਆਪਣਾ ਜ਼ਮੀਰ ਵੇਚ ਦਿੱਤਾ। ਸ੍ਰੀ ਜਾਖੜ ਨੇ ‘ਮੋਦੀ ਭਜਾਓ, ਰਾਹੁਲ ਲਿਆਓ ਦੇਸ਼ ਬਚਾਓ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਜੇਕਰ ਦੇਸ਼ ’ਚ ਮੋਦੀ ਸਰਕਾਰ ਰਹੀ ਤਾਂ ਨਾ ਗਰੀਬ ਰਹੇਗਾ, ਨਾ ਕਿਸਾਨ ਅਤੇ ਨਾ ਹੀ ਜਵਾਨ, ਇਸ ਲਈ ਹਰ ਵਰਗ ਦੀ ਕਦਰ ਕਰਨ ਵਾਲੇ ਸ੍ਰੀ ਰਾਹੁਲ ਗਾਂਧੀ ਨੂੰ ਲਿਆਉਣਾ ਹੀ ਪਵੇਗਾ। ਉਨਾਂ ਕਿਹਾ ਕਿ ਉਹ ਬੜੇ ਯਕੀਨ ਨਾਲ ਕਹਿ ਸਕਦੇ ਹਨ ਕਿ ਜਿਸ ਤਰਾਂ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਸਮੇਤ ਹਰ ਵਰਗ ਦੀ ਬਾਂਹ ਫੜੀ ਹੈ ਉਸੇ ਤਰਾਂ ਦੇਸ਼ ’ਚ ਕਾਂਗਰਸ ਦੀ ਅਗਵਾਈ ਵਾਲੀ ਸ੍ਰੀ ਰਾਹੁਲ ਗਾਂਧੀ ਦੀ ਸਰਕਾਰ ਦੇਸ਼ ਦੀ ਬਾਂਹ ਫੜੇਗੀ, ਇਸ ਲਈ ਕਾਂਗਰਸ ਪਾਰਟੀ ਉਨੀ ਦੇਰ ਚੈਨ ਨਾਲ ਨਹੀਂ ਬੈਠੇਗੀ, ਜਿੰਨੀ ਦੇਰ ਦੇਸ਼ ’ਚੋਂ ਮੋਦੀ ਨਾ ਭਜਾ ਦੇਈਏ, ਇਸ ਲਈ ਉਹ ਪੰਜਾਬ ਦੇ ਹਰ ਪਿੰਡ ’ਚ ਜਾਣਗੇ ਅਤੇ ਲੋਕਾਂ ਨੂੰ ਜਗਾਉਣਗੇ। ਸ੍ਰੀ ਜਾਖੜ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਸ ਤਰਾਂ ਕਰਨਾਟਕਾ ਦੇ ਲੋਕਾਂ ਅਤੇ ਸ੍ਰੀ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਮੋਦੀ ਨੂੰ ਨਕੇਲ ਪਾਈ ਉਸੇ ਤਰਾਂ ਆਗਾਮੀ ਲੋਕ ਸਭਾ ਚੋਣਾਂ ’ਚ ਪੰਜਾਬ ਵਿੱਚ ਵੀ ਕੀਤਾ ਜਾਵੇ। ਉਨਾਂ ਕਿਹਾ ਕਿ ਅੱਜ ਮਹਿੰਗਾਈ ਨੇ ਦੇਸ਼ ਦਾ ਲੱਕ ਤੋੜ ਦਿੱਤਾ ਹੈ। ਡੀਜ਼ਲ 70 ਰੁਪਏ ਤੱਕ ਪੁਜ ਚੁੱਕਾ ਹੈ ਜਦੋਂ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਲੋਕਾਂ ਦੀ ਸਰਕਾਰ ਸੀ ਨਾਂ ਕਿ ਅਦਾਨੀ ਤੇ ਅੰਬਾਨੀ ਦੀ ਇਸੇ ਲਈ ਉਸਨੇ 560 ਕਰੋੜ ਰੁਪਏ ਖ਼ਜ਼ਾਨੇ ਵਿੱਚੋਂ ਦੇ ਕੇ ਅਤੇ 104 ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖਰੀਦ ਕੇ ਕਿਸਾਨਾਂ ਤੇ ਟਰਾਂਸਪੋਰਟਰਾਂ ਸਮੇਤ ਲੋਕਾਂ ਨੂੰ ਸਸਤਾ ਤੇਲ ਮੁਹੱਈਆ ਕਰਵਾਉਂਦੀ ਰਹੀ। ਉਨਾਂ ਕਿਹਾ ਕਿ ਪੰਤੂ ਅੱਜ ਜਦੋਂ ਕੱਚੇ ਤੇਲ ਦੀ ਕੀਮਤ 69 ਡਾਲਰ ਹੈ ਤਾਂ ਡੀਜ਼ਲ 70 ਰੁਪਏ ਲਿਟਰ ਹੈ। ਉਨਾਂ ਕਿਹਾ ਕਿ ਬੀ.ਜੇ.ਪੀ. ਕਿਸਾਨਾਂ ਅਤੇ ਲੋਕਾਂ ਨੂੰ ਦੋਹੀਂ ਹੱਥੀਂ ਲੁੱਟ ਰਹੀ ਹੈ ਇਸ ਲਈ ਲੋਕਾਂ ਨੂੰ ਹੁਣ ਜਾਗਣਾ ਹੀ ਪੈਣਾ ਹੈ। ਉਨਾਂ ਕਿਹਾ ਕਿ ਉਸ ਸਮੇਂ 31 ਮਈ 2012 ਨੂੰ ਦੇਸ਼ ਬੰਦ ਕਰਨ ਵਾਲੇ ਅੱਜ ਕਿਥੇ ਗਏ, ਕਿਸੇ ਨੂੰ ਨਹੀਂ ਪਤਾ। ਸ੍ਰੀ ਜਾਖੜ ਨੇ ਕਿਹਾ ਕਿ ਨੋਟਬੰਦੀ ਵੇਲੇ ਲੋਕ ਮੋਦੀ ਦੇ ਝਾਂਸੇ ’ਚ ਆਕੇ ਲੰਮੀਆਂ ਕਤਾਰਾਂ ’ਚ ਖੜੇ ਤੇ ਕਿਸੇ ਨੇ ਬੈਂਕਾਂ ਦੇ ਸ਼ੀਸ਼ੇ ਨਾ ਭੰਨੇ ਪਰ ਹੁਣ ਲੋਕ ਉਠ ਖੜੇ ਹੋ ਗਏ ਹਨ ਤੇ ਇਹ ਅੱਜ ਦੇ ਇਸ ਟ੍ਰੈਕਟਰ ਮਾਰਚ ਨੇ ਦਿਖਾ ਦਿੱਤਾ ਹੈ। ਇਸ ਤੋਂ ਪਹਿਲਾਂ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸ੍ਰੀ ਕੇਸ਼ਵ ਚੰਦ ਯਾਦਵ ਨੇ ਆਪਣੇ ਪਲੇਠੇ ਪੰਜਾਬ ਦੌਰੇ ਸਮੇਂ ਪੰਜਾਬ ਯੂਥ ਕਾਂਗਰਸ ਵੱਲੋਂ ਕੱਢੀ ਗਈ ਅੱਜ ਦੀ ਇਸ ਵਿਸ਼ਾਲ ਟ੍ਰੈਕਟਰ ਯਾਤਰਾ ਦੀ ਕਾਮਯਾਬੀ ਲਈ ਯੂਥ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰੈਲੀ ਨੇ ਜਿਥੇ ਤੁਹਾਡੀ ਆਪਣੀ ਤਾਕਤ ਵਧਾਈ ਹੈ ਉਥੇ ਹੀ ਸ੍ਰੀ ਰਾਹੁਲ ਗਾਂਧੀ ਦੇ ਵੀ ਹੱਥ ਮਜ਼ਬੂਤ ਕੀਤੇ ਹਨ। ਸ੍ਰੀ ਯਾਦਵ ਨੇ ਮੋਦੀ ’ਤੇ ਵਰਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਜਿੱਥੇ ਦੇਸ਼ ਦੀ ਆਜ਼ਾਦੀ ਲਈ ਖ਼ੂਨ ਵਹਾਇਆ ਉਥੇ ਹੀ ਦੇਸ਼ ਨੂੰ ਵਿਕਸਤ ਵੀ ਕੀਤਾ, ਜਦੋਂ ਕਿ ਭਾਜਪਾ ਅੱਜ ਫੋਕੇ ਰਾਸ਼ਟਰਵਾਦ ਦੇ ਨਾਹਰੇ ਲਗਾ ਕੇ ਕਾਂਗਰਸ ਦੀ ਦੇਸ਼ ਭਗਤੀ ’ਤੇ ਉਂਗਲ ਉਠਾ ਰਹੀ ਹੈ। ਜਦੋਂਕਿ ਮੋਦੀ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਹਰ ਵਰਗ ਦਾ ਖ਼ੂਨ ਚੂਸਿਆ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਦੇਸ਼ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਧੰਨ, ਨੋਟਬੰਦੀ, ਜੀ.ਐਸ.ਟੀ. ਕੀ ਹਰ ਗੱਲ ’ਤੇ ਲੋਕਾਂ ਨੂੰ ਬੇਵਕੂਫ਼ ਬਣਾਇਆ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾਵੇ। ਉਨਾਂ ਕਿਹਾ ਕਿ ਦੇਸ਼ ਪੂਰੀ ਬੇਸਬਰੀ ਨਾਲ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਗਠਨ ਦੀ ਉਡੀਕ ਕਰ ਰਿਹਾ ਹੈ। ਇੰਡੀਅਨ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਗ਼ੈਰਰਾਜਨੀਤਕ ਪਿਛੋਕੜ ਵਾਲੇ ਮਿਹਨਤਕਸ਼ ਆਗੂਆਂ ਨੂੰ ਅੱਗੇ ਲਿਆਂਦਾ ਹੈ, ਇਸ ਲਈ ਉਨਾਂ ਦੀ ਅਗਵਾਈ ’ਚ ਦੇਸ਼ ਦਾ ਭਵਿੱਖ ਸੁਰੱਖਿਅਤ ਰਹੇਗਾ। ਉਨਾਂ ਕਿਹਾ ਕਿ ਅੱਜ ਕਸ਼ਮੀਰ ਤੋਂ ਲੈਕੇ ਕੰਨਿਆ ਕੁਮਾਰੀ ਤੱਕ ਦੇਸ਼ ਦੇ ਕੋਨੇ-ਕੋਨੇ ’ਚੋ ਮੋਦੀ ਵਿਰੋਧੀ ਆਵਾਜਾਂ ਆ ਰਹੀਆਂ ਹਨ। ਅੱਜ ਦੇ ਇਸ ਟਰੈਕਟਰ ਮਾਰਚ ਨੂੰ ਕਾਮਯਾਬ ਕਰਨ ਵਾਲੇ ਯੂਥ ਆਗੂ ਸ੍ਰੀ ਨਿਰਭੈ ਸਿੰਘ ਮਿੰਟੀ ਕੰਬੋਜ ਨੇ ਸ੍ਰੀ ਜਾਖੜ ਅਤੇ ਸ੍ਰੀ ਯਾਦਵ ਦਾ ਸਵਾਗਤ ਕਰਦਿਆਂ ਵਿਸ਼ਵਾਸ਼ ਦਿੱਤਾ ਕਿ ਪਟਿਆਲਾ ਲੋਕ ਸਭਾ ਹਲਕੇ ’ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪੰਜਾਬ ਵਿੱਚੋਂ ਸਭ ਤੋਂ ਵੱਧ ਲੀਡ ’ਤੇ ਜਿਤਾਇਆ ਜਾਵੇਗਾ ਅਤੇ ਮੋਦੀ ਦੀ ਲੋਟੂ ਸਰਕਾਰ ਨੂੰ ਚਲਦਾ ਕੀਤਾ ਜਾਵੇਗਾ। ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜਿਵੇਂ ਰਾਜਪੁਰਾ ਤੋਂ ਲੱਗੇ ਨਾਅਰੇ ਕੈਪਟਨ ਲਿਆਓ ਪੰਜਾਬ ਬਚਾਓ ਨੂੰ ਕਾਮਯਾਬ ਕੀਤਾ ਗਿਆ, ਉਸੇ ਤਰਾਂ ਅੱਜ ਮੋਦੀ ਭਜਾਓ ਦੇ ਲੱਗੇ ਨਾਅਰੇ ਨੂੰ ਕਾਮਯਾਬ ਕਰਕੇ ਸ੍ਰੀ ਰਾਹੁਲ ਗਾਂਧੀ ਨੂੰ ਲਿਆਂਦਾ ਜਾਵੇਗਾ। ਵਿਧਾਇਕ ਘਨੌਰ ਸ੍ਰੀ ਜਲਾਲਪੁਰ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਅੱਜ ਹਰ ਵਰਗ ਦੁੱਖੀ ਹੈ ਇਸ ਲਈ ਅਗਲੀ ਕੇਂਦਰੀ ਸਰਕਾਰ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੀ ਬਣੇਗੀ। ਜ਼ਿਕਰਯੋਗ ਹੈ ਕਿ ਬਨੂੜ ਦੇ ਟੌਲ ਪਲਾਜ਼ਾ ਨੇੜੇ ਪਿੰਡ ਖਿਜ਼ਰਗੜ (ਕਨੌੜ) ਨੇੜਿਓਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਕੁਮਾਰ ਜਾਖੜ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠਲੇ ਇਸ ਵਿਸ਼ਾਲ ਟਰੈਕਟਰ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਸ੍ਰੀ ਸ੍ਰੀਨਿਵਾਸ ਬੀ.ਵੀ.,ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਗੁਰਦਾਸਪੁਰ ਦੇ ਵਿਧਾਇਕ ਸ੍ਰੀ ਗੁਰਿੰਦਰਜੀਤ ਸਿੰਘ ਪਾਹੜਾ, ਸ੍ਰੀ ਦੀਪਇੰਦਰ ਸਿੰਘ ਢਿੱਲੋਂ, ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸਮੇਤ ਯੂਥ ਕਾਂਗਰਸ ਦੇ ਲੋਕ ਸਭਾ ਪਟਿਆਲਾ ਹਲਕਾ ਪ੍ਰਧਾਨ ਸ੍ਰੀ ਧਨਵੰਤ ਸਿੰਘ ਜਿੰਮੀ ਡਕਾਲਾ, ਯੂਥ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਨਿਰਭੈ ਸਿੰਘ ਮਿਲਟੀ, ਸ੍ਰੀ ਗਗਨਦੀਪ ਸਿੰਘ ਜੌਲੀ, ਸ੍ਰੀ ਮੋਹਿਤ ਮਹਿੰਦਰਾ, ਸ੍ਰੀ ਰਿੱਕੀ ਮਾਨ, ਸ੍ਰੀ ਉਦੇਵੀਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ’ਚ ਯੂਥ ਕਾਂਗਰਸ ਦੇ ਆਗੂ ਮੌਜੂਦ ਰਹੇ। ਇਸ ਸਮੇਂ ਗੁਰਦੀਪ ਸਿੰਘ ਊਂਟਸਰ, ਨਰਭਿੰਦਰ ਸਿੰਘ ਭਿੰਦਾ, ਗੁਰਜੀਤ ਸਿੰਘ, ਹਰਪ੍ਰੀਤ ਢਿੱਲੋਂ, ਵਿਕਰਮ ਪਹਿਲਵਾਨ, ਬਲਵਿੰਦਰ ਸਿੰਘ ਬਨੂੜ, ਨਰਿੰਦਰ ਸ਼ਾਸਤਰੀ, ਬਲਦੇਵ ਸਿੰਘ, ਜਲਵਿੰਦਰ ਜੁਲਕਾ, ਮਨਜਿੰਦਰ ਫਰਾਂਸਵਾਲਾ, ਸਮੇਤ ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸ ਅਤੇ ਯੂਥ ਕਾਂਗਰਸ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਪੁੱਜੇ ਹੋਏ ਸਨ। ਇਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਦੇਸ਼ ਦੇ ਕਿਸਾਨਾਂ ਨਾਲ ਹੋ ਰਹੇ ਅੱਤਿਆਚਾਰਾਂ ਵਿਰੁਧ ਆਵਾਜ਼ ਬੁਲੰਦ ਕਰਦਿਆਂ ਡੀਜ਼ਲ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਕੱਢੇ ਗਏ ਯੂਥ ਕਾਂਗਰਸ ਦੇ ਇਸ ਟਰੈਕਟਰ ਮਾਰਚ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਾਮਲ ਹੋਏ ਟਰੈਕਟਰਾਂ ਨੇ ਰਿਕਾਰਡ ਤੋੜ ਦਿੱਤਾ। ਇਸ ਮੌਕੇ ਇਲਾਕੇ ਦੇ ਨੌਜਵਾਨਾਂ ਅਤੇ ਆਮ ਲੋਕਾਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ, ਸਿੱਟੇ ਵਜੋਂ ਇਸ ਯਾਤਰਾਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ‘ਮੋਦੀ ਭਜਾਓ, ਕਿਸਾਨ ਬਚਾਓ’ ਦੇ ਨਾਅਰੇ ਹੇਠਲੇ ਇਸ ਵਿਸ਼ਾਲ ਟਰੈਕਟਰ ਮਾਰਚ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸ਼ਾਮਲ ਹੋਏ ਟਰੈਕਟਰਾਂ, ਟਰਾਲੀਆਂ, ਕਾਰਾਂ, ਥ੍ਰੀਵੀਲਰ ਸਕੂਟਰ-ਮੋਟਰਸਾਇਕਲਾਂ ਅਤੇ ਹੋਰ ਵਹੀਕਲਾਂ ਉਪਰ ਮੋਦੀ ਸਰਕਾਰ ਦੇ ਅੱਤਿਆਚਾਰਾਂ ਵਿਰੁੱਧ ਲਿਖੇ ਨਾਅਰੇ ਲੋਕਾਂ ਦਾ ਵਿਸ਼ੇਸ਼ ਧਿਆਨ ਖਿੱਚ ਰਹੇ ਸਨ। ਕਾਂਗਰਸ ਅਤੇ ਯੂਥ ਕਾਂਗਰਸ ਦੇ ਝੰਡਿਆਂ ਨਾਲ ਸਜੇ ਟਰੈਕਟਰਾਂ ਦੀ ਸ਼ਾਨ ਦੇਖਿਆਂ ਹੀ ਬਣਦੀ ਸੀ। ਹਜ਼ਾਰਾਂ ਦੀ ਗਿਣਤੀ ’ਚ ਸ਼ਾਮਲ ਹੋਏ ਨੌਜਵਾਨਾਂ ਲਈ ਜਗਾ-ਜਗਾ ਚਾਹ ਦੇ ਲੰਗਰ ਲਾਏ ਗਏ। ‘ਦੇਖੋ ਮੋਦੀ ਦਾ ਖੇਲ 85 ਹੋ ਗਿਆ ਤੇਲ’ ਦੇ ਨਾਅਰਿਆਂ ਨਾਲ ਅਸਮਾਨ ਗੂੰਜਾ ਰਹੇ ਨੌਜਵਾਨਾਂ ਦਾ ਰਾਜਪੁਰਾ ਵੱਲ ਨੂੰ ਵਧਦਾ ਗਿਆ ਇਹ ਕਾਫ਼ਲਾ ਰਾਜਪੁਰਾ ਤੱਕ ਪੁਜਦਿਆਂ ਕਈ ਕਿਲੋਮੀਟਰ ਲੰਬਾ ਹੋ ਗਿਆ। ਉਂਜ ਭਾਂਵੇਂ ਪਹਿਲਾਂ ਇਹ ਟਰੈਕਟਰ ਯਾਤਰਾ ਟੌਲ ਪਲਾਜ਼ਾ ਨੇੜਿਓਂ ਸ਼ੁਰੂ ਹੋਣੀ ਸੀ ਪਰੰਤੂ ਟ੍ਰੈਕਟਰਾਂ ਦੀ ਗਿਣਤੀ ਵਧਣ ਕਰਕੇ ਇਸ ਨੂੰ ਝੰਡੀ ਕਾਫ਼ੀ ਅੱਗੇ ਆ ਕੇ ਦੇਣੀ ਪਈ। ਪਿੰਡਾਂ ਵਿੱਚੋਂ ਪੁੱਜ ਰਹੇ ਟਰੈਕਟਰ ਚਾਲਕ ਨੌਜਵਾਨ ਅਤੇ ਹਰ ਵਰਗ ਦੇ ਵਿਅਕਤੀ ਕਤਾਰਾਂ ਬੰਨ ਕੇ ਇੱਕ ਦੂਜੇ ਤੋਂ ਮੂਹਰੇ ਹੋਕੇ ਇਸ ਯਾਤਰਾ ’ਚ ਸ਼ਾਮਲ ਹੋਣ ਲਈ ਕਾਫ਼ੀ ਉਤਸ਼ਾਹਤ ਨਜ਼ਰ ਆਏ। ਗਿਆਨ ਸਾਗਰ ਹਸਪਤਾਲ ਕੋਲ ਪੰਜਾਬ ਪੈਰਾ ਮੈਡੀਕਲ ਸਰਵਿਸ ਯੂਨੀਅਨ ਨੇ ਵਿਸ਼ੇਸ਼ ਤੌਰ ’ਤੇ ਇਸਦੇ ਸਵਾਗਤ ਲਈ ਬੰਦੋਬਸਤ ਕੀਤੇ, ਜਦੋਂਕਿ ਚਿਤਕਾਰਾ ਯੂਨੀਵਰਸਿਟੀ ਨੇੜੇ ਥ੍ਰੀਵੀਲਰ ਚਾਲਕ ਵੀ ਵੱਡੀ ਗਿਣਤੀ ’ਚ ਇਸ ਯਾਤਰਾ ’ਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਲਈ ਅੱਗੇ ਆਏ। ਬਨੂੜ-ਰਾਜਪੁਰਾ ਹਾਈਵੇ ’ਤੇ ਪੈਂਦੇ ਪਿੰਡਾਂ ਦੇ ਵਸਨੀਕ ਨੌਜਵਾਨ ਤੇ ਆਮ ਲੋਕ ਇਸ ਯਾਤਰਾ ’ਚ ਸ਼ਾਮਲ ਹੋਣ ਲਈ ਲਾਇਨਾਂ ਲਾ ਕੇ ਖੜੇ ਸਨ।