ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਸਿੱਖਿਆ ਤੇ ਸੱਭਿਆਚਾਰ ਦਾ ਧੁਰਾ ਬਣ ਕੇ ਉੱਭਰੀ,ਸੈਲਾਨੀਆਂ ਦੀ ਗਿਣਤੀ ਸਾਢੇ 3 ਲੱਖ ਤੋਂ ਟੱਪੀ

ਚੰਡੀਗੜ, 10 ਜੂਨ : (ਪੱਤਰ ਪਰੇਰਕ)-ਜਲੰਧਰ ਨੇੜੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬੇਮਿਸਾਲ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਲਈ ਇੱਕ ਢੁੱਕਵੀਂ ਸ਼ਰਧਾਂਜਲੀ ਵਜੋਂ ਚਿਤਵੀ ਗਈ ਸੀ। ਇਹ ਯਾਦਗਾਰ ਨਾ ਸਿਰਫ਼ ਪੰਜਾਬ ਦੇ ਸੱਭਿਆਚਾਰਕ ਅਤੇ ਸਿੱਖਿਆਤਮਕ ਧੁਰੇ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ ਸਗੋਂ ਨੌਜਵਾਨ ਪੀੜੀ ਨੂੰ ਆਪਣੇ ਸ਼ਾਨਦਾਰ, ਇਤਿਹਾਸਿਕ ਅਤੇ ਸੱਭਿਆਚਾਰਕ ਪਿਛੋਕੜ ਬਾਰੇ ਵੀ ਬਾਖੂਬੀ ਜਾਗਰੂਕ ਕਰ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਯਾਦਗਾਰ ਦੇ 2 ਪੜਾਅ ਲੋਕ ਅਰਪਣ ਕੀਤੇ ਜਾ ਚੁੱਕੇ ਹਨ ਅਤੇ ਦੂਜੇ ਪੜਾਅ ਦਾ ਉਦਘਾਟਨ ਮਾਰਚ 2018 ਵਿੱਚ ਕੀਤਾ ਗਿਆ ਸੀ। ਇਹ ਯਾਦਗਾਰ ਕੁਝ ਕੁ ਮਹੀਨਿਆਂ ਵਿੱਚ ਹੀ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਕੇ ਉੱਭਰੀ ਹੈ ਅਤੇ ਇੰਨੇ ਥੋੜੇ ਸਮੇਂ ਵਿੱਚ ਹੀ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 3,50,000 ਤੋਂ ਟੱਪ ਚੁੱਕੀ ਹੈ। ਹੋਰ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਜਿਵੇਂ ਹੀ ਸੈਲਾਨੀ ਇਸ ਯਾਦਗਾਰ ਦੇ ਅੰਦਰ ਦਾਖ਼ਲ ਹੁੰਦੇ ਹਨ ਤਾਂ ਉਨਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਹ ਬੀਤੇ ਯੁੱਗ ਵਿੱਚ ਆ ਗਏ ਹੋਣ।
ਪ੍ਰਵੇਸ਼ ਦੁਆਰ ਉੱਤੇ ਹੀ ਇਸ ਯਾਦਗਾਰ ਦਾ ਇੱਕ ਮਾਡਲ ਰੱਖਿਆ ਗਿਆ ਹੈ ਜੋ ਕਿ ਇਸ ਸਥਾਨ ਬਾਰੇ ਸੈਲਾਨੀਆਂ ਨੂੰ ਪੰਛੀ ਝਾਤ ਪਾਉਂਦਾ ਹੈ। ਇਸ ਤੋਂ ਇਲਾਵਾ ਇਸ ਸਥਾਨ ਉੱਤੇ ਆਜ਼ਾਦੀ ਅੰਦੋਲਨ ਦੀਆਂ ਉੱਘੀਆਂ ਹਸਤੀਆਂ ਦੀਆਂ ਤਸਵੀਰਾਂ ਕਲਾਤਮਕ ਢੰਗ ਨਾਲ ਚਿੱਤਰਿਤ ਕੀਤੀਆਂ ਗਈਆਂ ਹਨ। ਫਿਰ ਇਸ ਤੋਂ ਬਾਅਦ ਇੱਕ ਮੀਨਾਰ ਆਉਂਦੀ ਹੈ ਜਿੱਥੇ ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਨਾ ਬੁਝਣ ਵਾਲੀ ਜੋਤ ਜਗਾਈ ਗਈ ਹੈ। ਇਸ ਤੋਂ ਬਾਅਦ ਗੈਲਰੀਆਂ ਆਉਂਦੀਆਂ ਹਨ ਜਿੱਥੇ ਕਿ 3ਡੀ ਤਕਨੀਕ ਰਾਹੀਂ ਇੱਕ 15 ਮਿੰਟ ਦੀ ਐਨੀਮੇਸ਼ਨ ਫ਼ਿਲਮ ਦਿਖਾਈ ਜਾਂਦੀ ਹੈ ਜਿਸ ਵਿੱਚ ਦੇਸ਼ ਦੀ ਆਜ਼ਾਦੀ ਦੇ ਵੱਖੋ-ਵੱਖ ਪੜਾਵਾਂ ਦੌਰਾਨ ਪੰਜਾਬ ਵੱਲੋਂ ਪਾਏ ਗਏ ਇਤਿਹਾਸਿਕ ਯੋਗਦਾਨ ਨੂੰ ਬਾਖੂਬੀ ਦਿਖਾਇਆ ਗਿਆ ਹੈ। ਇੰਨਾ ਹੀ ਨਹੀਂ ਸਗੋਂ ਇਸ ਸਥਾਨ ਉੱਤੇ ਆਜ਼ਾਦੀ ਸੰਘਰਸ਼ ਦੌਰਾਨ ਵਾਪਰਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਨੂੰ ਕਲਾ ਚਿੱਤਰਾਂ ਰਾਹੀਂ ਕ੍ਰਮਵਾਰ ਲੜੀ ਵਿੱਚ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਮਗਰੋਂ ਸੈਲਾਨੀਆਂ ਦੀ ਨਜ਼ਰ ਇੱਕ ਯਾਦਗਾਰੀ ਸਥਾਨ ਉੱਤੇ ਪੈਂਦੀ ਹੈ ਜਿਸ ਨੂੰ 4 ਫੁੱਲਾਂ ਦੀਆਂ ਪੰਖੜੀਆਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਅਤੇ ਇਸ ਦੀ ਬਣਾਵਟ ਲਈ ਪੇ੍ਰਰਨਾ ਪੰਜਾਬ ਦੀ ਫੁੱਲਕਾਰੀ ਕਲਾ ਤੋਂ ਲਈ ਗਈ ਹੈ। ਇਸ ਦਾ ਮਕਸਦ ਆਜ਼ਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੈ। ਇਸ ਤੋਂ ਇਲਾਵਾ ਭਾਰਤੀ ਫ਼ਿਲਮ ਜਗਤ ਦੇ ਸਿਰਮੌਰ ਫ਼ਿਲਮਕਾਰ ਸ੍ਰੀ ਸ਼ਿਆਮ ਬੈਨੇਗਲ ਦੁਆਰਾ ਨਿਰਦੇਸ਼ਿਤ ਆਜ਼ਾਦੀ ਦੇ ਅੰਦੋਲਨ ਵਿੱਚ ਪੰਜਾਬ ਦੀ ਮੋਹਰੀ ਭੂਮਿਕਾ ਅਤੇ ਕੁਰਬਾਨੀ ਨੂੰ ਰੂਪਮਾਨ ਕਰਦੀ ਇੱਕ ਫ਼ਿਲਮ ਵੀ ਸਮੇਂ-ਸਮੇਂ ਉੱਤੇ ਵਿਖਾਈ ਜਾਂਦੀ ਹੈ ਤਾਂ ਜੋ ਅਜੋਕੀ ਨੌਜਵਾਨ ਪੀੜੀ ਨੂੰ ਪੇ੍ਰਰਨਾ ਮਿਲ ਸਕੇ। ਇਸ ਤੋਂ ਇਲਾਵਾ ਇਸ ਸਥਾਨ ਉੱਤੇ ਸਮਾਜਿਕ ਤੇ ਸੱਭਿਆਚਾਰਕ ਸਮਾਗਮ ਕਰਾਉਣ ਲਈ ਇੱਕ ਐਮਫੀਥਿਏਟਰ ਵੀ ਬਣਿਆ ਹੋਇਆ ਹੈ ਅਤੇ 150 ਸੀਟਾਂ ਦੀ ਸਮਰੱਥਾ ਵਾਲਾ ਇੱਕ ਸੈਮੀਨਾਰ ਹਾਲ, ਇੱਕ ਲਾਇਬੇ੍ਰਰੀ, ਇੱਕ ਆਡੀਟੋਰੀਅਮ ਅਤੇ ਇੱਕ ਫੂਡ ਕੋਰਟ ਵੀ ਇਸ ਸਥਾਨ ਉੱਤੇ ਬਣਾਏ ਗਏ ਹਨ। ਇਸ ਯਾਦਗਾਰ ਦਾ ਇੱਕ ਬੇਹੱਦ ਅਹਿਮ ਪੱਖ 45 ਮਿੰਟਾਂ ਦਾ ਇੱਕ ਲੇਜ਼ਰ ਸ਼ੋਅ ਹੈ ਜੋ ਕਿ ਆਜ਼ਾਦੀ ਦੇ ਸੰਘਰਸ਼ ਅਤੇ ਫਿਰ ਬਟਵਾਰੇ ਦੌਰਾਨ ਹੋਈਆਂ ਘਟਨਾਵਾਂ ਨੂੰ ਲੇਜ਼ਰ, 3ਡੀ ਪੋ੍ਰਜ਼ੈਕਸ਼ਨ ਅਤੇ ਵਾਟਰ ਕਰਟਨ ਪੋ੍ਰਜ਼ੈਕਸ਼ਨ ਤਕਨੀਕ ਰਾਹੀਂ ਦਰਸਾਉਂਦਾ ਹੈ। ਇਸੇ ਸਥਾਨ ਉੱਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਪ੍ਰਤੀ ਯੋਗਦਾਨ ਨੂੰ ਵੀ ਬੜੇ ਬਾਖੂਬੀ ਢੰਗ ਨਾਲ ਦਿਖਾਇਆ ਜਾਂਦਾ ਹੈ। ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਇਸ ਯਾਦਗਾਰ ਵਿਖੇ ਆਉਣ ਲਈ ਐਂਟਰੀ ਟਿਕਟਾਂ ਦੀ ਦਰ ਬਹੁਤ ਹੀ ਕਿਫ਼ਾਇਤੀ ਰੱਖੀ ਗਈ ਹੈ ਤਾਂ ਜੋ ਹਰ ਕੋਈ ਇੱਥੇ ਆ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਵੱਲੋਂ ਪਾਏ ਯੋਗਦਾਨ ਅਤੇ ਕੁਰਬਾਨੀਆਂ ਤੋਂ ਜਾਣੂੰ ਹੋ ਸਕੇ। ਇਹ ਯਾਦਗਾਰ ਹਫ਼ਤੇ ਦੇ 7 ਦਿਨ ਸਵੇਰੇ 11:00 ਤੋਂ ਸ਼ਾਮ 7:30 ਵਜੇ ਤੱਕ ਖੁੱਲੀ ਰਹਿੰਦੀ ਹੈ। ਇਸ ਯਾਦਗਾਰ ਨੂੰ ਆਲਮੀ ਪੱਧਰ ਦੇ ਮਾਪਦੰਡਾਂ ਮੁਤਾਬਿਕ ਸੰਭਾਲਣ ਅਤੇ ਚਲਾਉਣ ਵਿੱਚ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪ੍ਰਧਾਨਗੀ ਵਾਲੀ ਮੈਨੇਜਿੰਗ ਕਮੇਟੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਛੇਤੀ ਹੀ ਇਸ ਯਾਦਗਾਰ ਦਾ ਤੀਜਾ ਹਿੱਸਾ ਵੀ ਲੋਕ ਅਰਪਣ ਕਰ ਦਿੱਤਾ ਜਾਵੇਗਾ ਜੋ ਕਿ ਗੈਲਰੀਆਂ ਦੇ ਰੂਪ ਵਿੱਚ ਹੋਵੇਗਾ ਅਤੇ ਜਿਸ ਦੀ ਇਮਾਰਤ ਮੁਕੰਮਲ ਹੋ ਚੁੱਕੀ ਹੈ। ਇਸ ਵਿੱਚ ਆਡੀਓ-ਵਿਜ਼ੂਅਲ ਤਕਨੀਕ ਰਾਹੀਂ ਜਲਿਆਂਵਾਲਾ ਬਾਗ ਅਤੇ ਅੰਡੇਮਾਨ ਜੇਲ ਨੂੰ ਦਰਸਾਇਆ ਜਾਵੇਗਾ।


