ਰਾਸ਼ਟਰੀ ਖੇਡ ਦਿਵਸ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ

ਮੋਗਾ 29 ਅਗਸਤ:(ਜਸ਼ਨ) :ਰਾਸ਼ਟਰੀ ਖੇਡ ਦਿਵਸ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਖੇਡ ਵਿਭਾਗ ਵੱਲੋਂ ਜ਼ਿਲਾ ਪ੍ਰਸ਼ਾਸ਼ਨ, ਯੁਵਕ ਸੇਵਾਵਾਂ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਭੁਪਿੰਦਰਾ ਖਾਲਸਾ ਸੀਨੀਅਰ ਸੇੈਕੰਡਰ ਸਕੂਲ, ਮੋਗਾ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਭੁਪਿੰਦਰਾ ਖਾਲਸਾ ਸੀ.ਸੈ.ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਤੇ ਹਾਕੀ ਦਾ ਪ੍ਰਦਰਸ਼ਨੀ ਮੈਚ ਮੋਗਾ ਅਤੇ ਪਿੰਡ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ. ਪਰਮਜੀਤ ਸਿੰਘ ਸੰਧੂ, ਉਪ ਕਪਤਾਨ ਪੁਲਿਸ. ਮੋਗਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨਾਂ ਨੇ ਇਸ ਮੌਕੇ ਤੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੇਜਰ ਧਿਆਨ ਚੰਦ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਉੱਥੇ ਹੀ ਨੌਜਵਾਨਾਂ ਨੂੰ ਉਨਾਂ ਦੀ ਜੀਵਨੀ ਤੋਂ ਪ੍ਰੇਰਿਤ ਹੋ ਕੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸ. ਬਲਵੰਤ ਸਿੰਘ, ਜ਼ਿਲਾ ਖੇਡ ਅਸਫਰ, ਮੋਗਾ ਨੇ ਮੇਜਰ ਧਿਆਨ ਚੰਦ ਦੀ ਜੀਵਨੀ ਤੇ ਚਾਨਣਾ ਪਾਉਂਦੇ ਦੱਸਿਆ ਕਿ ਅੱਜ ਦੇ ਦਿਨ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੇਡ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਭਾਰਤ ਦੇ ਮਹਾਮਹੀਮ ਰਾਸ਼ਟਰਪਤੀ ਵੱਲੋਂ ਖੇਡਾਂ ਦੇ ਖੇਤਰ ਵਿੱਚ ਵੱਡਮੁੱਲੀਆਂ ਪ੍ਰਾਪਤੀਆਂ ਕਰਨ ਤੇ ਖਿਡਾਰੀਆਂ ਨੂੰ ਅਰਜੁਨ ਐਵਾਰਡ, ਦਰੋਣਾਚਾਰਿਆ ਐਵਾਰਡ, ਖੇਲ ਰਤਨ ਐਵਾਰਡ ਅਤੇ ਲਾਈਵ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ। ਉਨਾਂ ਨੇ ਦੱਸਿਆ ਕਿ ਮੋਗਾ ਜ਼ਿਲੇ ਦੇ ਪਿੰਡ ਖੋਸਾ ਪਾਂਡੋ ਦੇ ਜੰਮਪਲ ਸ. ਤੇਜਿੰਦਰਪਾਲ ਸਿੰਘ ਤੂਰ ਨੂੰ ਅੱਜ ਦੇ ਦਿਨ ਰਾਸ਼ਟਰਪਤੀ ਵੱਲੋਂ ਅਰਜੁਨ ਐਵਾਰਡ ਦਿੱਤਾ ਜਾ ਰਿਹਾ ਹੈ, ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਤੇਜਿੰਦਰਪਾਲ ਤੂਰ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈ ਕੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈ ਕੇ ਆਪਣੇ ਪਿੰਡ, ਪਰਿਵਾਰ ਅਤੇ ਰਾਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਫਿੱਟ ਇੰਡੀਆ ਮੂਵਮੈਂਟ, ਜਿਸ ਦਾ ਅੱਜ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਆਗਾਜ਼ ਕੀਤਾ ਗਿਆ, ਦਾ ਲਾਈਵ ਪ੍ਰਸਾਰਨ ਖਿਡਾਰੀਆਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੁਣਾਇਆ ਅਤੇ ਫਿੱਟਨੈੱਸ ਪਲੈੱਜ (ਸਹੁੰ) ਵੀ ਚੁਕਾਈ ਗਈ। ਇਸ ਮੌਕੇ ਤੇ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਇਨਾਮ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਤੇ ਇੰਚਾਰਜ ਪਿ੍ਰੰਸੀਪਲ ਕੁਲਵੰਤ ਸਿੰਘ ਕਲਸੀ, ਹਰਦੀਪ ਸਿੰਘ ਫੁੱਟਬਾਲ ਕੋਚ, ਨਵਤੇਜ਼ ਸਿੰਘ ਫੁੱਟਬਾਲ ਕੋਚ, ਪੰਕਜ ਖੁਰਾਣਾ ਸੀਨੀਅਰ ਸਹਾਇਕ, ਸ਼੍ਰੀਮਤੀ ਤਰਨਜੀਤ ਕੌਰ ਸਟੈਨੋ ਯੁਵਕ ਸੇਵਾਵਾਂ ਮੋਗਾ, ਰਮਨਦੀਪ ਸਿੰਘ ਡੀ.ਪੀ., ਇੰਦਰਜੀਤ ਸਿੰਘ, ਬਲਰਾਜ ਸਿੰਘ ਪ੍ਰੋਗਰਾਮ ਅਫਸਰ ਕੌਮੀ ਸੇਵਾ ਯੋਜਨਾ, ਹਰਪ੍ਰੀਤ ਸਿੰਘ, ਮੈਡਮ ਹਰਵੀਨ ਕੌਰ, ਚਰਨਜੀਤ ਕੌਰ, ਪਿ੍ਰਤਪਾਲ ਸਿੰਘ, ਮਨਜੀਤ ਕੌਰ, ਰਵੀ ਕੁਮਾਰ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।