ਮੋਗਾ ਦੇ ਨਮਨ, ਤਮੰਨਾ ਅਤੇ ਆਰੀਅਨ ਨੂੰ ਪੰਜਾਬ ਟੀਮ ਵਿੱਚ ਸਿਲੈਕਟ ਹੋਣ ਤੇ ਡਾ. ਰਜਿੰਦਰ ਕੌਰ ਨੇ ਦਿੱਤੀ ਵਧਾਈ,ਨਮਨ ਅਹੂਜਾ, ਤਮੰਨਾ ਅਤੇ ਆਰੀਅਨ ਨੈਸ਼ਨਲ ਬੈਡਮਿੰਟਨ ਅੰਡਰ-17 ਦੀ ਪੰਜਾਬ ਟੀਮ ‘ਚ ਸ਼ਾਮਿਲ

ਮੋਗਾ,13 ਨਵੰਬਰ (ਜਸ਼ਨ): ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ.ਬੀ.ਐਸ. ਸੀ. ਬੋਰਡ ਵਲੋਂ ਬੈਡਮਿੰਟਨ ਅੰਡਰ 17 ਪੰਜਾਬ ਦੀ ਟੀਮ ਚੁਣੀ ਗਈ, ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਮਨ ਅਹੂਜਾ, ਸੀ.ਬੀ.ਐਸ.ਸੀ. ਬੋਰਡ ਵਲੋਂ ਆਰੀਅਨ ਸੂਦ ਅਤੇ ਲੜਕੀਆਂ ਵਲੋਂ ਤਮੰਨਾ ਨੂੰ ਵਧੀਆ ਪ੍ਰਫਾਰਮੈਂਸ ਲਈ ਚੁਣਿਆ ਗਿਆ। ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਮੋਗਾ ਦੇ ਤਿੰਨੋਂ ਖਿਡਾਰੀ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਮੋਗਾ ਦੇ ਨਾਲ-ਨਾਲ ਪੰਜਾਬ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕਰਨਗੇ। ਇਸ ਖੁਸੀ ਦੇ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਪਤਨੀ ਡਾ. ਰਜਿੰਦਰ ਕੌਰ ਕਮਲ ਨੇ ਨਮਨ ਅਹੂਜਾ, ਆਰੀਅਨ ਸੂਦ ਅਤੇ ਤਮੰਨਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ ਅਤੇ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਰਜਿੰਦਰ ਕੋਰ ਕਮਲ ਨੇ ਕਿਹਾ ਕਿ ਚੰਗੇ ਖਿਡਾਰੀ ਆਪਣੀ ਮਿਹਨਤ ਸਦਕਾ ਆਪਣੇ ਪਰਿਵਾਰ, ਇਲਾਕੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ ਅਤੇ ਦੂਸਰੇ ਖਿਡਾਰੀਆਂ ਲਈ ਵੀ ਪ੍ਰੇਰਣਾ ਸਰੋਤ ਬਣ ਕੇ ਉਨਾਂ ਦਾ ਹੌਸਲਾ ਵਧਾਉਦੇ ਹਨ। ਇਸ ਮੌਕੇ ਤੇ ਜਿਲਾ ਬੈਡਮਿੰਟਨ ਐਸੋਸੀਏਸ਼ਨ ਦੇ ਅਹੁਦੇਦਾਰ ਪੰਜਾਬ ਮਸੀਹ ਕੋਚ, ਬਿੰਦੂ ਸੂਦ, ਨਵੀਨ ਗਰਗ, ਐਡਵੋਕੇਟ ਸੁਨੀਲ ਕੁਮਾਰ ਗੋਇਲ, ਅੰਕਿਤ ਭੱਟ ਕੋਚ, ਨਰਿੰਦਰ ਕੌਰ, ਤਜਿੰਦਰ ਮੋਹਨ ਬਾਂਸਲ, ਅਰੁਣ ਆਹੂਜਾ, ਪੇ੍ਰਮ ਕੁਮਾਰ ਆਦਿ ਹਾਜ਼ਰ ਸਨ।
ਇਸ ਖੁਸ਼ੀ ਦੇ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੋਗਾ ਦੇ ਖਿਡਾਰੀਆਂ ਨੇ ਮੋਗਾ ਦਾ ਨਾਮ ਪੂਰੇ ਦੇਸ਼ ਅਤੇ ਵਿਦੇਸ਼ਾਂ ਅੰਦਰ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਚੰਗੇ ਖਿਡਾਰੀ ਆਪਣੀ ਮਿਹਨਤ ਸਦਕਾ ਅਜਿਹੀ ਛਾਪ ਛੱਡਦੇ ਹਨ ਕਿ ਦੂਸਰਿਆਂ ਲਈ ਵੀ ਪ੍ਰੇਰਣਾ ਸਰੋਤ ਬਣ ਜਾਂਦੇ ਹਨ। ਉਨਾਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਮੋਗਾ ਦਾ ਨਾਮ ਪੂਰੇ ਦੇਸ਼ ਅਤੇ ਦੁਨੀਆਂ ਅੰਦਰ ਰੋਸ਼ਨ ਕਰਨ।


