ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਵਿੱਕੀ ਸਰਪੰਚ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲਣ ਵਾਲੇ ਵਾਰਡ ਵਾਸੀਆਂ ਦਾ ਆਖਣੈ ‘‘ਕੰਮਾਂ ਦਾ ਮੁੱਲ ਪਾਵਾਂਗੇ,ਫਿਰ ਤੋਂ ਵਿੱਕੀ ਸਰਪੰਚ ਨੂੰ ਲਿਆਵਾਂਗੇ’’

ਮੋਗਾ, 10 ਫਰਵਰੀ (ਜਸ਼ਨ): ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਅਤੇ ਉਹਨਾਂ ਦੇ ਹਰ ਦੁੱਖ ਸੁੱਖ ਵਿਚ ਉਹਨਾਂ ਦੇ ਨਾਲ ਤੁਰਨ ਵਾਲੇ ਆਗੂ ਜਸਪ੍ਰੀਤ ਸਿੰਘ ਵਿੱਕੀ ਸਰਪੰਚ ਨੇ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਵਿਚ ਵਿਚਰਦਿਆਂ ਲੋਕਾਂ ਨਾਲ ਅਜਿਹੀ ਸਾਂਝ ਪਾਈ ਕਿ ਅੱਜ ਵਿੱਕੀ ਸਰਪੰਚ ਚਾਹੇ ਆਜ਼ਾਦ ਉਮੀਦਵਾਰ ਵਜੋਂ ਹੀ ਵਾਰਡ ਨੰਬਰ 2 ਤੋਂ ਚੋਣ ਮੈਦਾਨ ਵਿਚ ਨਿੱਤਰੇ ਹਨ ਪਰ ਉਸ ਨੂੰ ਚਾਹੁਣ ਵਾਲੇ ਸਿਰਫ਼ ਤੇ ਸਿਰਫ਼ ਵਿੱਕੀ ਦੀ ਇਮਾਨਦਾਰੀ ਅਤੇ ਦਿਆਨਤਦਾਰੀ ਦੇ ਮੁਰੀਦ ਹੋ ਕੇ ਉਸ ਦੀ ਚੋਣ ਮੁਹਿੰਮ ਨੂੰ ਖੁਦ ਹੀ ਅੱਗੇ ਹੋ ਕੇ ਚਲਾ ਰਹੇ ਹਨ। ਉੱਘੇ ਸਮਾਜ ਸੇਵੀ ਵਿੱਕੀ ਸਰਪੰਚ ਆਪਣੇ ਸਮਰਥਕਾਂ ਨਾਲ ਜਦੋਂ ਵਾਰਡ ਨੰਬਰ 2 ‘ਚ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹਨ ਤਾਂ ਵਾਰਡ ਵਾਸੀ ਉਸ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਉਸ ਨਾਲ ਹੀ ਤੁਰ ਪੈਂਦੇ ਹਨ। ਅੱਜ ਦੇ ਚੋਣ ਪ੍ਰਚਾਰ ਦੌਰਾਨ ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਆਪਣੇ ਪਰਿਵਾਰ ਵੱਲੋਂ ਮਿਲੇ ਸੰਸਕਾਰਾਂ ਦੀ ਬਦੌਲਤ ਉਹ ਅੱਜ ਇਸ ਮੁਕਾਮ ’ਤੇ ਪੁੱਜੇ ਹਨ ਜਿੱਥੇ ਉਹਨਾਂ ਦੀ ਮਦਦ ਲਈ ਹਜ਼ਾਰਾਂ ਲੋਕ ਉਹਨਾਂ ਦੇ ਨਾਲ ਤੁਰ ਪੈਂਦੇ ਨੇ । ਵਿੱਕੀ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਇਸ ਪਿਆਰ ਦਾ ਮੁੱਲ ਉਹ ਨਗਰ ਨਿਗਮ ਦਾ ਹਿੱਸਾ ਬਣਨ ਉਪਰੰਤ, ਵਿਕਾਸ ਪੱਖੋਂ ਆਪਣੇ ਵਾਰਡ ਨੂੰ ਅਵਲ ਨੰਬਰ ਦਾ ਵਾਰਡ ਬਣਾਉਣ ‘ਚ ਕੋਈ ਕਸਰ ਨਹੀਂ ਛੱਡਣਗੇ।



