ਫਿਲਮ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਨਿਗਮ ਚੋਣਾਂ ਲਈ ਦਿੱਤੀਆਂ ਸ਼ੁੱਭ ਇੱਛਾਵਾ

ਮੋਗਾ, 13 ਫਰਵਰੀ (ਜਸ਼ਨ): ਫ਼ਿਲਮੀ ਪਰਦੇ ਅਤੇ ਅਸਲ ਜ਼ਿੰਦਗੀ ਦੀ ਕੈਨਵਸ ਤੇ ਆਪਣੇ ਆਪ ਨੂੰ ਲੋਕਾਂ ਦਾ ਨਾਇਕ ਸਿੱਧ ਕਰਨ ਵਾਲੇ ਮੋਗਾ ਦੇ ਸਪੂਤ ਸੋਨੂੰ ਸੂਦ ਦੀ ਮੋਗਾ ਆਮਦ ’ਤੇ ਅੱਜ ਵਿਧਾਇਕ ਡਾ: ਹਰਜੋਤ ਕਮਲ ਨਾਲ ਹੋਈ ਮੁਲਾਕਾਤ ਦੌਰਾਨ ਦੋਨਾਂ ਸ਼ਖਸੀਅਤਾਂ ਵਿਚ ਸਮਾਜ ਸੇਵਾ ਅਤੇ ਮੋਗਾ ਦੇ ਵਿਕਾਸ ਦੇ ਮੁੱਦੇ ’ਤੇ ਵਿਚਾਰ ਵਟਾਂਦਰਾ ਹੋਇਆ । ਇਸ ਮੌਕੇ ਸੋਨੂੰ ਸੂਦ ਨੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਦੇ ਕਰਵਾਏ ਵਿਕਾਸ ਕਾਰਜਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਰੋਨਾ ਮਹਾਮਾਰੀ ਦੌਰਾਨ ਵਿਧਾਇਕ ਵੱਲੋਂ ਸਿਹਤ ਵਿਭਾਗ ਖਾਸਕਰ ਹਸਪਤਾਲ ਵਿਚ ਕੀਤੇ ਸੁਚਾਰੂ ਪ੍ਰਬੰਧਾਂ ਅਤੇ ਘਰ ਘਰ ਰਾਸ਼ਨ ਪਹੁੰਚਾਉਣ ਲਈ ਵਿਧਾਇਕ ਦੀ ‘ਟੀਮ ਹਰਜੋਤ’ ਵੱਲੋਂ ਨਿਭਾਈ ਸੇਵਾ ਦੀ ਸ਼ਲਾਘਾ ਕੀਤੀ। ਫਿਲਮ ਅਦਾਕਾਰ ਸੋਨੂੰ ਸੂਦ ਨੇ ਨਿਗਮ ਚੋਣਾਂ ਲਈ ਵਿਧਾਇਕ ਡਾ: ਹਰਜੋਤ ਕਮਲ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗੇ ਨੂੰ ਮਾਣ ਹੈ ਕਿ ਸੋਨੂੰ ਸੂਦ ਨੇ ਸਮਾਜ ਸੇਵਾ ਦੇ ਖੇਤਰ ਵਿਚ ਦੇਸ਼ ਵਿਆਪੀ ਸੇਵਾਵਾਂ ਨਿਭਾਅ ਕੇ ਨਾ ਸਿਰਫ਼ ਆਪਣੇ ਮਾਤਾ ਪਿਤਾ ਬਲਕਿ ਸਮੁੱਚੇ ਮੋਗੇ ਦਾ ਨਾਮ ਰੌਸ਼ਨ ਕੀਤਾ ਹੈ। ਵਿਧਾਇਕ ਨੇ ਆਖਿਆ ਕਿ ਸੋਨੂੰ ਸੂਦ ਦੇ ਮਾਤਾ ਪਿਤਾ ਵਿਸ਼ੇਸ਼ ਕਰ ਪ੍ਰੋ: ਸਰੋਜ ਸੂਦ ਵੱਲੋਂ ਦਿੱਤੇ ਸੰਸਕਾਰਾਂ ਸਦਕਾ ਸਮੁੱਚੇ ਸੂਦ ਪਰਿਵਾਰ ਨੇ ਸਮਾਜ ਸੇਵਾ ਵਿਚ ਆਪਣਾ ਵਿਸ਼ੇਸ਼ ਨਾਮ ਬਣਾਇਆ ਹੈ।


